ਪਾਕਿ ਨੂੰ ਲੱਗਾ ਵੱਡਾ ਝਟਕਾ, ਟੀ20 ਸੀਰੀਜ਼ ''ਚੋਂ ਬਾਹਰ ਹੋਇਆ ਬਾਬਰ ਆਜ਼ਮ
Sunday, Dec 13, 2020 - 08:26 PM (IST)
ਕਵੀਂਸਟਾਊਨ– ਪਾਕਿਸਤਾਨ ਦੇ ਕਪਤਾਨ ਤੇ ਸਟਾਰ ਬੱਲੇਬਾਜ਼ ਬਾਬਰ ਆਜ਼ਮ ਆਪਣੇ ਸੱਜੇ ਹੱਥ ਦੇ ਅੰਗੂਠੇ ਵਿਚ ਫ੍ਰੈਕਚਰਰ ਦੇ ਕਾਰਣ ਨਿਊਜ਼ੀਲੈਂਡ ਵਿਰੁੱਧ 18 ਦਸੰਬਰ ਤੋਂ ਸ਼ੁਰੂ ਹੋਣ ਵਾਲੀ 3 ਮੈਚਾਂ ਦੀ ਟੀ-20 ਸੀਰੀਜ਼ ਵਿਚੋਂ ਬਾਹਰ ਹੋ ਗਿਆ ਹੈ ਤੇ ਉਸ ਦਾ ਦੋ ਟੈਸਟਾਂ ਦੀ ਸੀਰੀਜ਼ ਵਿਚ ਖੇਡਣਾ ਵੀ ਸ਼ੱਕੀ ਨਜ਼ਰ ਆ ਰਿਹਾ ਹੈ। ਪਾਕਿਸਤਾਨ ਕ੍ਰਿਕਟ ਬੋਰਡ (ਪੀ. ਸੀ. ਬੀ.) ਨੇ ਐਤਵਾਰ ਨੂੰ ਜਾਰੀ ਬਿਆਨ ਵਿਚ ਦੱਸਿਆ ਕਿ ਬਾਬਰ ਨੂੰ ਥ੍ਰੋ ਡਾਊਨ ਸੈਸ਼ਨ ਦੌਰਾਨ ਸੱਜੇ ਅੰਗੂਠੇ ਵਿਚ ਇਹ ਸੱਟ ਲੱਗੀ, ਜਿਸ ਤੋਂ ਬਾਅਦ ਉਸ ਨੂੰ ਕਵੀਂਸਟਾਊਨ ਦੇ ਹਸਪਤਾਲ ਵਿਚ ਲਿਜਾ ਕੇ ਉਸਦਾ ਐਕਸਰੇ ਕਰਵਾਇਆ ਗਿਆ, ਜਿਸ ਵਿਚ ਫ੍ਰੈਕਚਰਰ ਦੀ ਪੁਸ਼ਟੀ ਹੋਈ ਹੈ।
ਇਸ ਸੱਟ ਦੇ ਕਾਰਣ ਬਾਬਰ ਘੱਟ ਤੋਂ ਘੱਟ 12 ਦਿਨਾਂ ਤਕ ਨੈੱਟ ਅਭਿਆਸ ਵਿਚ ਹਿੱਸਾ ਨਹੀਂ ਲੈ ਸਕੇਗਾ। ਇਸ ਮਿਆਦ ਦੌਰਾਨ ਡਾਕਟਰ ਉਸਦੀ ਸੱਟ 'ਤੇ ਨਜ਼ਰ ਰੱਖਣਗੇ ਤੇ ਉਸ ਤੋਂ ਬਾਅਦ ਹੀ ਟੈਸਟ ਸੀਰੀਜ਼ ਵਿਚ ਉਸਦੀ ਹਿੱਸੇਦਾਰੀ ਨੂੰ ਲੈ ਕੇ ਕੋਈ ਫੈਸਲਾ ਹੋਵੇਗਾ। ਪਹਿਲਾ ਟੈਸਟ 26 ਦਸੰਬਰ ਤੋਂ ਮਾਊਂਟ ਮੌਂਗਾਨੂਈ ਵਿਚ ਹੋਣਾ ਹੈ।
ਬਾਬਰ ਦੀ ਗੈਰ-ਹਾਜ਼ਰੀ ਵਿਚ ਪਾਕਿਸਤਾਨ ਦਾ ਟੀ-20 ਕਪਤਾਨ ਸ਼ਾਦਾਬ ਖਾਨ ਕਪਤਾਨ ਦੀ ਜ਼ਿੰਮੇਵਾਰੀ ਸੰਭਾਲ ਸਕਦਾ ਹੈ। ਹਾਲਾਂਕਿ ਲੈੱਗ ਸਪਿਨਰ ਸ਼ਾਦਾਬ ਖੁਦ ਹਲਕੀ ਗ੍ਰੋਇਨ ਸੱਟ ਨਾਲ ਜੂਝ ਰਿਹਾ ਹੈ, ਜਿਸ ਕਾਰਣ ਐਤਵਾਰ ਨੂੰ ਨੈੱਟ ਸੈਸ਼ਨ ਵਿਚ ਉਸਨੇ ਸਿਰਫ ਬੱਲੇਬਾਜ਼ੀ ਕੀਤੀ। ਸ਼ਾਦਾਬ ਇਸ ਸੱਟ ਦੇ ਕਾਰਣ ਨਵੰਬਰ ਵਿਚ ਜ਼ਿੰਬਾਬਵੇ ਵਿਰੁੱਧ ਨਹੀਂ ਖੇਡ ਸਕਿਆ ਸੀ। ਪੀ. ਸੀ. ਬੀ. ਨੇ ਦੱਸਿਆ ਕਿ ਸ਼ਾਦਾਬ ਦੇ ਖੇਡਣ ਦਾ ਫੈਸਲਾ ਮੈਚ ਨੇੜੇ ਆਉਣ 'ਤੇ ਲਿਆ ਜਾਵੇਗਾ।
ਨੋਟ- ਪਾਕਿ ਨੂੰ ਲੱਗਾ ਵੱਡਾ ਝਟਕਾ, ਟੀ20 ਸੀਰੀਜ਼ 'ਚੋਂ ਬਾਹਰ ਹੋਇਆ ਬਾਬਰ ਆਜ਼ਮ । ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਸਾਂਝੇ ਕਰੋ।