ਬਿੱਗ ਬੈਸ਼ ਲੀਗ ''ਚ ਨਹੀਂ ਖੇਡਣਗੇ ਸਟੀਵ ਸਮਿਥ, ਸਾਹਮਣੇ ਆਇਆ ਵੱਡਾ ਕਾਰਨ
Friday, Oct 30, 2020 - 05:11 PM (IST)
ਅਬੂਧਾਬੀ (ਭਾਸ਼ਾ) : ਆਸਟਰੇਲੀਆ ਦੇ ਸਾਬਕਾ ਕਪਤਾਨ ਸਟੀਵ ਸਮਿਥ ਨੇ ਕਿਹਾ ਹੈ ਕਿ ਜੈਵਿਕ ਸੁਰੱਖਿਅਤ ਮਾਹੌਲ ਵਿਚ ਹੋਰ ਸਮਾਂ ਗੁਜ਼ਾਰਨ ਤੋਂ ਬਚਨ ਲਈ ਉਹ ਆਗਾਮੀ ਬਿੱਗ ਬੈਸ਼ ਲੀਗ ਵਿਚ ਨਹੀਂ ਖੇਡਣਗੇ। ਸਮਿਥ ਸਮੇਤ ਆਸਟਰੇਲੀਆ ਦੇ ਕਈ ਸਟਾਰ ਕ੍ਰਿਕਟਰ ਅਗਸਤ ਤੋਂ ਬਾਇਓ ਬਬਲ ਵਿਚ ਰਹਿ ਰਹੇ ਹਨ। ਪਹਿਲਾਂ ਇੰਗਲੈਂਡ ਦੌਰੇ 'ਤੇ ਅਤੇ ਉਸ ਦੇ ਬਾਅਦ ਤੋਂ ਯੂ.ਏ.ਈ. ਵਿਚ ਸਤੰਬਰ ਤੋਂ ਆਈ.ਪੀ.ਐਲ. ਵਿਚ ਉਹ ਜੈਵ ਸੁਰੱਖਿਅਤ ਮਾਹੌਲ ਵਿਚ ਹਨ।
ਸਮਿਥ ਨੇ ਕਿਹਾ, 'ਈਮਾਨਦਾਰੀ ਨਾਲ ਕਹਾਂ ਤਾਂ ਕੋਈ ਗੁੰਜਾਇਸ਼ ਹੀ ਨਹੀਂ ਹੈ।' ਡੈਵਿਡ ਵਾਰਨਰ ਅਤੇ ਪੈਟ ਕਮਿੰਸ ਵੀ ਇਸ ਸਾਲ ਬੀ.ਬੀ.ਐਲ. ਤੋਂ ਬਾਹਰ ਰਹਿ ਸਕਦੇ ਹਨ। ਆਈ.ਪੀ.ਐਲ. ਵਿਚ ਰਾਜਸਥਾਨ ਰਾਇਲਜ਼ ਦੇ ਕਪਤਾਨ ਸਮਿਥ ਨੇ ਕਿਹਾ ਕਿ ਉਨ੍ਹਾਂ ਨੇ ਬਾਇਓ ਬਬਲ ਦੇ ਮਾੜੇ ਪ੍ਰਭਾਵ ਨੂੰ ਵੇਖ ਕੇ ਇਹ ਫ਼ੈਸਲਾ ਲਿਆ ਹੈ ਜਿਸ ਵਿਚ ਲੰਬੇ ਸਮੇਂ ਤੱਕ ਪਰਿਵਾਰ ਤੋਂ ਦੂਰ ਰਹਿਣਾ ਸ਼ਾਮਲ ਹੈ।
ਉਨ੍ਹਾਂ ਕਿਹਾ, 'ਅਜੇ ਤਾਂ ਬਬਲਸ ਦੀ ਸ਼ੁਰੂਆਤ ਹੈ। ਪਤਾ ਨਹੀਂ ਕਿ ਇਹ ਕਿੰਨੇ ਦਿਨ ਤੱਕ ਚੱਲੇਗਾ। ਚੋਣ ਨੂੰ ਲੈ ਕੇ ਸਵਾਲ ਤਾਂ ਹੋਣਗੇ। ਜੇਕਰ ਕੋਈ ਲੰਬੇ ਸਮੇਂ ਤੱਕ ਬਬਲ ਵਿਚ ਰਹਿਣ ਕਾਰਨ ਛੁੱਟੀ ਲੈਂਦਾ ਹੈ ਅਤੇ ਉਸ ਦੀ ਜਗ੍ਹਾ ਆ ਕੇ ਕੋਈ ਚੰਗਾ ਖੇਡਦਾ ਹੈ ਤਾਂ ਕੀ ਉਸ ਨੂੰ ਆਪਣੀ ਜਗ੍ਹਾ ਵਾਪਸ ਮਿਲੇਗੀ।' ਸਮਿਥ ਨੇ ਕਿਹਾ ਕਿ ਬਾਇਓ ਬਬਲ ਦੇ ਅੰਦਰ ਰਹਿਣ ਦੀ ਮਾਨਸਿਕ ਪਰੇਸ਼ਾਨੀਆਂ ਝੱਲਣ ਦੇ ਬਾਅਦ ਖਿਡਾਰੀ ਨੂੰ ਕੁੱਝ ਸਮਾਂ ਸਾਧਾਰਨ ਜ਼ਿੰਦਗੀ ਗੁਜ਼ਾਰਨੀ ਜ਼ਰੂਰੀ ਹੈ।