ਬੇਦੀ ਨੇ ਬੀ.ਸੀ.ਸੀ.ਆਈ. ਤੋਂ ਬਲਾਈਂਡ ਕ੍ਰਿਕਟ ਨੂੰ ਮਾਨਤਾ ਦੇਣ ਦੀ ਮੰਗ ਕੀਤੀ
Saturday, Mar 10, 2018 - 04:40 PM (IST)

ਨਵੀਂ ਦਿੱਲੀ, (ਬਿਊਰੋ)— ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਬਿਸ਼ਨ ਸਿੰਘ ਬੇਦੀ ਅਤੇ ਸਾਬਕਾ ਵਿਕਟਕੀਪਰ ਸਈਅਦ ਕਿਰਮਾਨੀ ਨੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਤੋਂ ਭਾਰਤੀ ਬਲਾਈਂਡ ਕ੍ਰਿਕਟ ਸੰਘ (ਸੀ.ਏ.ਬੀ.ਆਈ.) ਨੂੰ ਆਪਣੇ ਅਧੀਨ ਲੈਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਦੇਸ਼ 'ਚ ਬਲਾਈਂਡ ਕ੍ਰਿਕਟ ਨੂੰ ਕਾਫੀ ਉਤਸ਼ਾਹ ਮਿਲੇਗਾ। ਬੇਦੀ ਅਤੇ ਕਿਰਮਾਨੀ ਇੱਥੇ ਬਲਾਈਂਡ ਕ੍ਰਿਕਟ ਕਾਨਕਲੇਵ 2018 'ਚ ਮੌਜੂਦ ਸਨ ਜਿੱਥੇ ਇਸ ਸਾਲ ਜਨਵਰੀ 'ਚ ਵਰਲਡ ਕੱਪ ਜਿੱਤਣ ਵਾਲੀ ਭਾਰਤੀ ਟੀਮ ਦੇ ਖਿਡਾਰੀ ਵੀ ਮੌਜੂਦ ਸਨ। ਨੇਤਰਹੀਨ ਹੋਣ ਦੇ ਬਾਵਜੂਦ ਉਹ ਕੌਮਾਂਤਰੀ ਕ੍ਰਿਕਟ ਖੇਡੇ।
ਬੇਦੀ ਨੇ ਇੱਥੇ ਟਾਈਗਰ ਪਟੌਦੀ ਦਾ ਉਦਾਹਰਨ ਦਿੰਦੇ ਹੋਏ ਕਿਹਾ ਕਿ ਕਾਰ ਹਾਦਸੇ 'ਚ ਇਕ ਅੱਖ ਗੁਆਉਣ ਦੇ ਬਾਅਦ ਵੀ ਉਹ ਕੌਮਾਂਤਰੀ ਕ੍ਰਿਕਟ ਖੇਡੇ। ਉਨ੍ਹਾਂ ਕਿਹਾ, ''ਟਾਈਗਰ ਨੇ ਟੈਸਟ 'ਚ ਡੈਬਿਊ ਕਰਨ ਤੋਂ ਪਹਿਲਾਂ ਹੀ ਇਕ ਅੱਖ ਦੀ ਰੌਸ਼ਨੀ ਗੁਆ ਦਿੱਤੀ ਸੀ। ਉਨ੍ਹਾਂ ਨੂੰ ਇਹ ਪਸੰਦ ਨਹੀਂ ਸੀ ਕਿ ਕੋਈ ਉਨ੍ਹਾਂ ਨਾਲ ਹਮਦਰਦੀ ਪ੍ਰਗਟਾਏ। ਉਨ੍ਹਾਂ ਨੇ ਕਦੀ ਵੀ ਇਸ ਨੂੰ ਸਰੀਰਕ ਅਸਮਰੱਥਾ ਨਹੀਂ ਮੰਨਿਆ ਅਤੇ ਭਾਰਤ ਦੇ ਸਰਵਸ਼੍ਰੇਸ਼ਠ ਕਪਤਾਨਾਂ 'ਚੋਂ ਇਕ ਬਣੇ।'' 71 ਸਾਲ ਦੇ ਬੇਦੀ ਨੇ ਕਿਹਾ, ''ਉਹ (ਪਟੌਦੀ) ਨਵਾਬ ਸਨ ਪਰ ਉਨ੍ਹਾਂ ਨੇ ਕਦੀ ਵੀ ਨਵਾਬ ਦੀ ਤਰ੍ਹਾਂ ਵਿਵਹਾਰ ਨਹੀਂ ਕੀਤਾ। ਤੁਸੀਂ ਸਾਰੇ (ਬਲਾਈਂਡ ਕ੍ਰਿਕਟਰ) ਲੱਖਾਂ ਲੋਕਾਂ ਲਈ ਪ੍ਰੇਰਨਾਦਾਇਕ ਹੋ। ਮੈਨੂੰ ਉਮੀਦ ਹੈ ਕਿ ਬੀ.ਸੀ.ਸੀ.ਆਈ. ਸੀ.ਏ.ਬੀ.ਆਈ. ਨੂੰ ਆਪਣੇ ਅਧੀਨ ਲੈ ਲਵੇਗੀ ਅਤੇ ਹਰ ਤਰ੍ਹਾਂ ਦੀ ਮਦਦ ਮੁਹੱਈਆ ਕਰਵਾਏਗੀ।