ਪੱਤਰਕਾਰ ਵੱਲੋਂ ਧਮਕਾਉਣ ਦਾ ਮਾਮਲਾ, BCCI ਰਿਧੀਮਾਨ ਸਾਹਾ ਤੋਂ ਕਰੇਗਾ ਪੁੱਛਗਿਛ

02/22/2022 1:12:09 PM

ਮੁੰਬਈ (ਭਾਸ਼ਾ)- ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਤਜ਼ਰਬੇਕਾਰ ਵਿਕਟਕੀਪਰ ਬੱਲੇਬਾਜ਼ ਰਿਧੀਮਾਨ ਸਾਹਾ ਤੋਂ ਉਨ੍ਹਾਂ ਦੇ ਟਵੀਟ ਦੇ ਸੰਦਰਭ ਬਾਰੇ ਪੁੱਛੇਗਾ, ਜਿਸ ਵਿਚ ਦੋਸ਼ ਲਾਇਆ ਗਿਆ ਸੀ ਕਿ ਇਕ ਪੱਤਰਕਾਰ ਨੇ ਇੰਟਰਵਿਊ ਲਈ ਸਹਿਮਤ ਨਾ ਹੋਣ 'ਤੇ ਉਨ੍ਹਾਂ ਨੂੰ ਧਮਕੀ ਦਿੱਤੀ ਸੀ। ਭਾਰਤੀ ਟੈਸਟ ਟੀਮ ਤੋਂ ਹਾਲ ਹੀ ਵਿਚ ਬਾਹਰ ਕੀਤੇ ਗਏ ਸਾਹਾ ਨੇ ਟਵਿੱਟਰ 'ਤੇ ਦੋਸ਼ ਲਗਾਇਆ ਸੀ ਕਿ ਇਕ "ਸਤਿਕਾਰਿਤ" ਪੱਤਰਕਾਰ ਨੇ ਉਨ੍ਹਾਂ ਨੂੰ ਇੰਟਰਵਿਊ ਦੇਣ ਤੋਂ ਇਨਕਾਰ ਕਰਨ ਦੇ ਬਾਅਦ ਹਮਲਾਵਰ ਰਵੱਈਆ ਅਪਣਾਇਆ ਸੀ। ਇਸ ਟਵੀਟ ਤੋਂ ਬਾਅਦ ਸਾਬਕਾ ਮੁੱਖ ਕੋਚ ਰਵੀ ਸ਼ਾਸਤਰੀ, ਵਰਿੰਦਰ ਸਹਿਵਾਗ ਅਤੇ ਹਰਭਜਨ ਸਿੰਘ ਵਰਗੇ ਸਾਬਕਾ ਸਿਤਾਰੇ ਸਾਹਾ ਦੇ ਸਮਰਥਨ 'ਚ ਸਾਹਮਣੇ ਆਏ ਅਤੇ ਉਨ੍ਹਾਂ ਨੂੰ ਪੱਤਰਕਾਰ ਦਾ ਨਾਂ ਦੱਸਣ ਲਈ ਕਿਹਾ।

ਬੀ.ਸੀ.ਸੀ.ਆਈ. ਦੇ ਖਜ਼ਾਨਚੀ ਅਰੁਣ ਧੂਮਲ ਨੇ ਸੋਮਵਾਰ ਨੂੰ ਪੀ.ਟੀ.ਆਈ. ਨੂੰ ਕਿਹਾ, 'ਜੀ ਹਾਂ, ਅਸੀਂ ਰਿਧੀਮਾਨ ਤੋਂ ਉਨ੍ਹਾਂ ਦੇ ਟਵੀਟ ਬਾਰੇ ਪੁੱਛਾਂਗੇ ਅਤੇ ਜਾਣਾਂਗੇ ਕਿ ਅਸਲ ਵਿਚ ਕੀ ਹੋਇਆ ਹੈ। ਸਾਨੂੰ ਇਹ ਜਾਣਨ ਦੀ ਲੋੜ ਹੈ ਕਿ ਕੀ ਉਨ੍ਹਾਂ ਨੂੰ ਧਮਕੀ ਦਿੱਤੀ ਗਈ ਸੀ ਅਤੇ ਉਨ੍ਹਾਂ ਦੇ ਟਵੀਟ ਦਾ ਪਿਛੋਕੜ ਅਤੇ ਸੰਦਰਭ ਕੀ ਸੀ। ਮੈਂ ਹੋਰ ਕੁਝ ਨਹੀਂ ਕਹਿ ਸਕਦਾ ਹਾਂ। ਸਾਡੇ ਸਕੱਤਰ (ਜੇ ਸ਼ਾਹ) ਰਿਧੀਮਾਨ ਨਾਲ ਜ਼ਰੂਰ ਗੱਲ ਕਰਣਗੇ।' ਸਾਹਾ ਨੂੰ ਹਾਲ ਹੀ ਵਿਚ ਭਾਰਤੀ ਟੀਮ ਵੱਲੋਂ ਖੇਡਣ ਦਾ ਮੌਕਾ ਨਹੀਂ ਮਿਲਿਆ। ਉਨ੍ਹਾਂ ਨੇ ਮੀਡੀਆ ਨੂੰ ਦੱਸਿਆ ਕਿ ਪਿਛਲੇ ਮਹੀਨੇ ਦੱਖਣੀ ਅਫਰੀਕਾ ਸੀਰੀਜ਼ ਤੋਂ ਬਾਅਦ ਦ੍ਰਾਵਿੜ ਨੇ ਉਨ੍ਹਾਂ ਨੂੰ ਆਪਸੀ ਗੱਲਬਾਤ 'ਚ ਸੰਨਿਆਸ ਲੈਣ 'ਤੇ ਵਿਚਾਰ ਕਰਨ ਦੀ ਸਲਾਹ ਦਿੱਤੀ ਸੀ। ਦ੍ਰਾਵਿੜ ਨੇ ਕਿਹਾ ਕਿ ਸਾਹਾ ਨਾਲ ਗੱਲ ਕਰਨ ਦਾ ਮਕਸਦ ਇਹ ਯਕੀਨੀ ਬਣਾਉਣਾ ਸੀ ਕਿ ਉਨ੍ਹਾਂ ਨੂੰ ਇਹ ਸਪੱਸ਼ਟ ਤੌਰ 'ਤੇ ਪਤਾ ਹੋਵੇ ਕਿ ਟੀਮ 'ਚ ਉਨ੍ਹਾਂ ਦੀ ਸਥਿਤੀ ਕੀ ਹੈ ਅਤੇ ਉਨ੍ਹਾਂ ਨੂੰ ਇਸ ਦਾ ਪਛਤਾਵਾ ਨਹੀਂ ਹੈ।
 


cherry

Content Editor

Related News