ਲਗਾਤਾਰ ਸ਼ਿਕਾਇਤਾਂ ਤੋਂ ਬਾਅਦ ਵਿਸ਼ਵ ਕੱਪ ਤੋਂ ਪਹਿਲਾਂ ਸਟੇਡੀਅਮਾਂ ਨੂੰ ਬਿਹਤਰ ਬਣਾਏਗਾ ਬੋਰਡ
Wednesday, Apr 12, 2023 - 02:30 PM (IST)
ਨਵੀਂ ਦਿੱਲੀ (ਭਾਸ਼ਾ)– ਭਾਰਤ ’ਚ ਅਕਤੂਬਰ-ਨਵੰਬਰ ’ਚ ਹੋਣ ਵਾਲੇ ਵਨ ਡੇ ਵਿਸ਼ਵ ਕੱਪ ਤੋਂ ਪਹਿਲਾਂ ਭਾਰਤੀ ਕ੍ਰਿਕਟ ਬੋਰਡ ਦੇਸ਼ ’ਚ ਘੱਟ ਤੋਂ ਘੱਟ 5 ਵੱਡੇ ਸਟੇਡੀਅਮਾਂ ਦਾ ਨਵੀਨੀਕਰਣ ਕਰਨ ਜਾ ਰਿਹਾ ਹੈ। ਪਿਛਲੇ 10 ਸਾਲਾਂ ’ਚ ਭਾਰਤੀ ਕ੍ਰਿਕਟ ’ਚ ਕਾਫੀ ਪੈਸਾ ਆਇਆ ਹੈ, ਜਿਸ ਨਾਲ ਬੀ. ਸੀ. ਸੀ. ਆਈ. ਦੁਨੀਆ ਦਾ ਸਭ ਤੋਂ ਅਮੀਰ ਬੋਰਡ ਬਣ ਗਿਆ ਹੈ ਪਰ ਜ਼ਿਆਦਾਤਰ ਸਟੇਡੀਅਮਾਂ ’ਚ ਦਰਸ਼ਕਾਂ ਲਈ ਮੁੱਢਲੀਆਂ ਸਹੂਲਤਾਂ ਵੀ ਨਹੀਂ ਹਨ। ਫਰਵਰੀ-ਮਾਰਚ ’ਚ ਭਾਰਤ ਤੇ ਆਸਟਰੇਲੀਆ ਵਿਚਾਲੇ ਟੈਸਟ ਲੜੀ ਦੌਰਾਨ ਦਰਸ਼ਕਾਂ ਨੇ ਅਰੁਣ ਜੇਤਲੀ ਸਟੇਡੀਅਮ ’ਚ ਗੰਦੀਆਂ ਟਾਇਲਟ ਨੂੰ ਲੈ ਕੇ ਰੱਝ ਕੇ ਗੁੱਸਾ ਕੱਢਿਆ ਸੀ। ਸੂਤਰਾਂ ਅਨੁਸਾਰ ਦਿੱਲੀ ਤੋਂ ਇਲਾਵਾ ਹੈਦਰਾਬਾਦ, ਕੋਲਕਾਤਾ, ਮੋਹਾਲੀ ਤੇ ਮੁੰਬਈ ਵਿਚ ਵੀ ਸਟੇਡੀਅਮਾਂ ਨੂੰ ਬਿਹਤਰ ਬਣਾਇਆ ਜਾਵੇਗਾ।
ਮੁੰਬਈ ਦੇ ਵਾਨਖੇੜੇ ਸਟੇਡੀਅਮ ਵਿਚ ਕੰਮ ਸ਼ੁਰੂ ਹੋ ਚੁੱਕਾ ਹੈ। 5 ਮੈਦਾਨਾਂ ’ਚ ਨਵੀਨੀਕਰਣ ਦੇ ਇਸ ਕੰਮ ’ਤੇ ਕਰੋੜਾਂ ਰੁਪਏ ਖਰਚ ਹੋਣਗੇ। ਦਿੱਲੀ ਸਟੇਡੀਅਮ ’ਚ ਇਸ ਪ੍ਰਾਜੈਕਟ ’ਤੇ 100 ਕਰੋੜ ਰੁਪਏ, ਹੈਦਰਾਬਾਦ ’ਤੇ 117.17 ਕਰੋੜ ਰੁਪਏ, ਈਡਨ ਗਾਰਡਨ ’ਤੇ 127.47 ਕਰੋੜ ਰੁਪਏ, ਮੋਹਾਲੀ ’ਤੇ 79.46 ਕਰੋੜ ਤੇ ਵਾਨਖੇੜੇ ਸਟੇਡੀਅਮ ’ਤੇ 78.82 ਕਰੋੜ ਰੁਪਏ ਖਰਚ ਆਉਣਗੇ। ਵਿਸ਼ਵ ਕੱਪ ਲਈ 12 ਸਥਾਨਾਂ ਦੀ ਚੋਣ ਕੀਤੀ ਗਈ ਹੈ, ਜਿਨ੍ਹਾਂ ਵਿਚ ਅਹਿਮਦਾਬਾਦ, ਬੈਂਗਲੁਰੂ, ਚੇਨਈ, ਦਿੱਲੀ, ਧਰਮਸ਼ਾਲਾ, ਗੁਹਾਟੀ, ਹੈਦਰਾਬਾਦ, ਲਖਨਊ, ਇੰਦੌਰ, ਰਾਜਕੋਟ ਤੇ ਮੁੰਬਈ ਸ਼ਾਮਲ ਹਨ। ਵਿਸ਼ਵ ਕੱਪ ਦੌਰਾਨ 46 ਦਿਨਾਂ ’ਚ 48 ਮੈਚ ਖੇਡੇ ਜਾਣਗੇ। ਭਾਰਤ ’ਚ ਆਖਰੀ ਵਾਰ 2011 ਵਨ ਡੇ ਵਿਸ਼ਵ ਕੱਪ ਹੋਇਆ ਸੀ ਜਦੋਂ ਮਹਿੰਦਰ ਸਿੰਘ ਧੋਨੀ ਦੀ ਕਪਤਾਨੀ ’ਚ ਟੀਮ ਨੇ ਖਿਤਾਬ ਜਿੱਤਿਆ ਸੀ।