BCCI ਪ੍ਰਧਾਨ ਸੌਰਵ ਗਾਂਗੁਲੀ ਨੂੰ ਸਤਾਇਆ ਕੋਰੋਨਾ ਵਾਇਰਸ ਦਾ ਡਰ, ਲਿਆ ਇਹ ਵੱਡਾ ਫੈਸਲਾ
Monday, Mar 02, 2020 - 04:47 PM (IST)
ਨਵੀਂ ਦਿੱਲੀ : ਕੋਰੋਨਾ ਵਾਇਰਸ ਦਾ ਕਹਿਰ ਚੀਨ ਸਣੇ ਕਈ ਦੇਸ਼ਾਂ ਵਿਚ ਤੇਜ਼ੀ ਨਾਲ ਫੈਲ ਰਿਹਾ ਹੈ। ਹੁਣ ਇਸ ਦੇ ਇਨਫੈਕਸ਼ਨ ਨਾਲ ਮਰਨ ਵਾਲਿਆਂ ਦੀ ਗਿਣਤੀ 3 ਹਜ਼ਾਰ ਦੇ ਵੀ ਪਾਰ ਹੋ ਗਈ ਹੈ। ਕੋਰੋਨਾ ਵਾਇਰਸ ਦਾ ਖਤਰਾ ਇੰਨਾ ਵੱਧ ਗਿਆ ਹੈ ਕਿ ਇਸ ਸਾਲ ਜੁਲਾਈ-ਅਗਸਤ ਵਿਚ ਹੋਣ ਵਾਲੇ ਟੋਕੀਓ ਓਲੰਪਿਕ ਦੇ ਰੱਦ ਹੋਣ ਦਾ ਖਦਸ਼ਾ ਬਣਿਆ ਹੋਇਆ ਹੈ। ਹਾਲਾਂਕਿ ਕੌਮਾਂਤਰੀ ਓਲੰਪਿਕ ਸੰਘ ਨੇ ਸਾਫ ਕਰ ਦਿੱਤਾ ਹੈ ਕਿ ਜੇਕਰ ਮਈ ਦੇ ਆਖਿਰ ਤਕ ਇਸ ਦਾ ਕਹਿਰ ਘੱਟ ਨਹੀਂ ਹੋਇਆ ਤਾਂ ਟੋਕੀਓ ਓਲੰਪਿਕ ਰੱਦ ਕਰ ਦਿੱਤਾ ਜਾਵੇਗਾ। ਹੁਣ ਬੀ. ਸੀ. ਸੀ. ਆਈ. ਪ੍ਰਧਾਨ ਅਤੇ ਸਾਬਕਾ ਕ੍ਰਿਕਟਰ ਸੌਰਵ ਗਾਂਗੁਲੀ ਨੂੰ ਵੀ ਕੋਰੋਨਾ ਵਾਇਰਸ ਦਾ ਡਰ ਸਤਾਉਣ ਲੱਗਾ ਹੈ, ਜਿਸ ਕਾਰਨ ਉਸ ਨੇ ਇਸ ਦੇ ਡਰ ਤੋਂ ਇਕ ਅਹਿਮ ਫੈਸਲਾ ਲਿਆ ਹੈ।
ਦਰਅਸਲ, ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਅਤੇ ਮੌਜੂਦਾ ਬੀ. ਸੀ. ਸੀ. ਆਈ. ਪ੍ਰਧਾਨ ਸੌਰਵ ਗਾਂਗੁਲੀ ਨੂੰ ਦੁਬਈ ਵਿਚ 3 ਮਾਰਚ ਨੂੰ ਆਯੋਜਿਤ ਹੋਣ ਵਾਲੀ ਏਸ਼ੀਅਨ ਕ੍ਰਿਕਟ ਕਾਊਂਸਿਲ ਦੀ ਬੈਠਕ ਵਿਚ ਹਿੱਸਾ ਲੈਣਾ ਸੀ ਪਰ ਕੋਰੋਨਾ ਵਾਇਰਸ ਕਾਰਨ ਉਹ ਇਸ ਵਿਚ ਹਿੱਸਾ ਨਹੀਂ ਲੈ ਸਕੇ। ਬੀ. ਸੀ. ਸੀ. ਆਈ. ਸੂਤਰਾਂ ਨੇ ਦੱਸਿਆ ਕਿ ਗਾਂਗੁਲੀ ਨੂੰ ਏਸ਼ੀਅਨ ਕ੍ਰਿਕਟ ਕਾਊਂਸਿਲ (ਏ. ਸੀ. ਸੀ.) ਬੈਠਕ ਲਈ ਰਵਾਨਾ ਹੋਣਾ ਸੀ ਪਰ ਕੋਰੋਨਾ ਵਾਇਰਸ ਕਾਰਨ ਯੂ. ਏ. ਈ. ਵਿਚ ਹੋਣ ਵਾਲੀ ਬੈਠਕ ਮੁਅੱਤਲ ਕਰ ਦਿੱਤਾ ਗਈ। ਗਾਂਗੁਲੀ ਤੋਂ ਇਲਾਵਾ ਬੀ. ਸੀ. ਸੀ. ਆਈ. ਦੇ ਸਕੱਤਰ ਜੇ ਸ਼ਾਹ ਨੂੰ ਵੀ ਬੈਠਕ ਵਿਚ ਹਿੱਸਾ ਲੈਣਾ ਸੀ।
ਇਸ ਸਾਲ ਸਤੰਬਰ ਵਿਚ ਏਸ਼ੀਆ ਕੱਪ ਦਾ ਆਯੋਜਨ ਪਾਕਿਸਤਾਨ ਵਿਚ ਕੀਤਾ ਜਾਣਾ ਸੀ ਪਰ ਬੀ. ਸੀ. ਸੀ. ਆਈ. ਨੇ ਸਾਫ ਕਰ ਦਿੱਤਾ ਕਿ ਉਹ ਪਾਕਿਸਤਾਨ ਵਿਚ ਆਪਣੀ ਟੀਮ ਨੂੰ ਨਹੀਂ ਭੇਜੇਗਾ। ਭਾਰਤੀ ਬੋਰਡ ਨੇ ਸੁਰੱਖਿਆ ਚਿੰਤਾਵਾਂ ਦਾ ਹਵਾਲਾ ਦਿੱਤਾ ਸੀ। ਇਹੀ ਵਜ੍ਹਾ ਰਹੀ ਕਿ ਏਸ਼ੀਆ ਕੱਪ ਨੂੰ ਦੁਬਈ ਵਿਚ ਕਰਾਉਣ ਦਾ ਫੈਸਲਾ ਕੀਤਾ ਗਿਆ।