ਆਈ.ਪੀ.ਐਲ. ਦੌਰਾਨ ਟੀਮਾਂ ਦਾ ਨਹੀਂ ਹੋਵੇਗਾ ਕੋਰੋਨਾ ਟੀਕਾਕਰਨ: BCCI

Wednesday, Mar 31, 2021 - 06:05 PM (IST)

ਆਈ.ਪੀ.ਐਲ. ਦੌਰਾਨ ਟੀਮਾਂ ਦਾ ਨਹੀਂ ਹੋਵੇਗਾ  ਕੋਰੋਨਾ ਟੀਕਾਕਰਨ: BCCI

ਨਵੀਂ ਦਿੱਲੀ (ਵਾਰਤਾ) : ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਨੇ ਆਈ.ਪੀ.ਐਲ. ਦੇ 14ਵੇਂ ਸੀਜ਼ਨ ਦੀ ਸ਼ੁਰੂਆਤ ਤੋਂ ਪਹਿਲਾਂ ਸਾਰੀਆਂ ਟੀਮਾਂ ਨੂੰ ਆਈ.ਪੀ.ਐਲ. ਲਈ ਬਣਾਈ ਮਾਨਕ ਸੰਚਾਲਨ ਪ੍ਰਕਿਰਿਆ (ਐਸ.ਓ.ਪੀ.) ਤੋਂ ਜਾਣੂ ਕਰਵਾਇਆ ਹੈ। ਬੀ.ਸੀ.ਸੀ.ਆਈ. ਨੇ ਸਾਰੀਆਂ ਟੀਮਾਂ ਨੂੰ ਸੂਚਿਤ ਕੀਤਾ ਹੈ ਕਿ ਪੂਰੇ ਆਈ.ਪੀ.ਐਲ. ਦੌਰਾਨ ਉਨ੍ਹਾਂ ਦਾ ਕੋਰੋਨਾ ਟੀਕਾਕਰਨ ਨਹੀਂ ਕੀਤਾ ਜਾਵੇਗਾ। ਜੇਕਰ ਕੋਈ ਖਿਡਾਰੀ ਜਾਂ ਹੋਰ ਵਿਅਕਤੀ ਕੋਰੋਨਾ ਨਾਲ ਪੀੜਤ ਪਾਇਆ ਜਾਂਦਾ ਹੈ ਤਾਂ ਉਸ ਨੂੰ ਘੱਟ ਤੋਂ ਘੱਟ 10 ਦਿਨਾਂ ਤੱਕ ਇਕਾਂਤਵਾਸ ਵਿਚ ਰਹਿਣਾ ਹੋਵੇਗਾ ਅਤੇ ਫਿਰ ਕੋਰੋਨਾ ਟੈਸਟ ਦੀ ਨੈਗੇਟਿਵ ਰਿਪੋਰਟ ਆਉਣ ਅਤੇ ਹੋਰ ਰਸਮੀ ਕਾਰਵਾਈਆਂ ਦੇ ਬਾਅਦ ਹੀ ਬਾਇਓ-ਬਬਲ ਵਿਚ ਦੁਬਾਰਾ ਪ੍ਰਵੇਸ਼ ਦਿੱਤਾ ਜਾਵੇਗਾ।’

ਇਹ ਵੀ ਪੜ੍ਹੋ: ਧੀ ਵਾਮਿਕਾ ਨਾਲ ਹਵਾਈਅੱਡੇ ’ਤੇ ਸਪਾਟ ਹੋਏ ਵਿਰੁਸ਼ਕਾ, ਪਿਤਾ ਵਾਲੀ ਡਿਊਟੀ ਨਿਭਾਉਂਦੇ ਨਜ਼ਰ ਆਏ ਵਿਰਾਟ

‘ਬਬਲ ਇੰਟੇਗ੍ਰਿਟੀ ਮੈਨੇਜਰਸ’ ਇਸ ਪ੍ਰਕਿਰਿਆ ’ਤੇ ਸਖ਼ਤ ਨਿਗਰਾਨੀ ਰੱਖਣਗੇ ਅਤੇ ਕਿਸੇ ਤਰ੍ਹਾਂ ਦਾ ਉਲੰਘਣ ਹੋਣ ’ਤੇ ਉਚ ਅਧਿਕਾਰੀਆਂ ਨੂੰ ਰਿਪੋਰਟ ਕਰਨਗੇ। ਹਾਲਾਂਕਿ ਆਈ.ਪੀ.ਐਲ. ਨੇ ਇਹ ਸਪਸ਼ਟ ਕੀਤਾ ਹੈ ਕਿ ਜੇਕਰ ਕੋਈ ਖਿਡਾਰੀ ਜਾਂ ਹੋਰ ਵਿਅਕਤੀ ਟੂਰਨਾਮੈਂਟ ਦੇ ਬਾਇਓ ਬਬਲ ਵਿਚ ਪ੍ਰਵੇਸ਼ ਤੋਂ ਪਹਿਲਾਂ ਵੈਕਸੀਨ ਲਗਵਾਉਂਦਾ ਹੈ ਤਾਂ ਉਸ ਨੂੰ ਇਕਾਂਤਵਾਸ ਵਿਚ ਰਹਿਣਾ ਹੋਵੇਗਾ ਅਤੇ ਟੈਸਟਿੰਗ ਪ੍ਰਕਿਰਿਆ ਤੋਂ ਲੰਘਣਾ ਹੋਵੇਗਾ। ਬੀ.ਸੀ.ਸੀ.ਆਈ. ਨੇ ਇਨ੍ਹਾਂ ਦਿਸ਼ਾ-ਨਿਰਦੇਸ਼ਾਂ ਨੂੰ ਆਈ.ਪੀ.ਐਲ. ਦੀ ਮਾਨਕ ਸੰਚਾਲਨ ਪ੍ਰਕਿਰਿਆ (ਐਸ.ਓ.ਪੀ.) ਵਿਚ ਸਿਹਤ ਅਤੇ ਸੁਰੱਖਿਆ ਪ੍ਰੋਟੋਕਾਲ ਦੇ ਰੂਪ ਵਿਚ ਨਾਮਜ਼ਦ ਕੀਤਾ ਹੈ। ਸਾਰੀਆਂ ਟੀਮਾਂ ਨੂੰ ਇਸ ਤੋਂ ਜਾਣੂ ਕਰਵਾ ਦਿੱਤਾ ਗਿਆ ਹੈ। ਇਸ ਐਸ.ਓ.ਪੀ. ਤਹਿਤ ਬੀ.ਸੀ.ਸੀ.ਆਈ. ਆਈ.ਪੀ.ਐਲ. ਲਈ ਕੁੱਲ 12 ਬਾਇਓ ਬਬਲ ਬਣਾਏਗਾ, ਜਿਸ ਵਿਚੋਂ 8 ਟੀਮਾਂ ਲਈ, ਦੋ ਮੈਚ ਅਧਿਕਾਰੀਆਂ ਅਤੇ ਮੈਚ ਪ੍ਰਬੰਧਨ ਟੀਮਾਂ ਲਈ, ਜਦੋਂਕਿ 2 ਬਰਾਡਕਾਸਟ ਕਮੈਂਟੇਟਰ ਅਤੇ ਕਰੂ ਲਈ ਹੋਣਗੇ। 

ਇਹ ਵੀ ਪੜ੍ਹੋ: ਇਮਰਾਨ ਸਰਕਾਰ ਨੇ ਤੈਅ ਕੀਤੀ ਕੋਰੋਨਾ ਵੈਕਸੀਨ ਦੀ ਕੀਮਤ, ਪਰ ਕੀ ਖ਼ਰੀਦ ਸਕੇਗੀ ਪਾਕਿ ਦੀ ਗ਼ਰੀਬ ਜਨਤਾ?

ਬੀ.ਸੀ.ਸੀ.ਆਈ. ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਮੁਤਾਬਕ ਕਿਸੇ ਵੀ ਵਿਅਕਤੀ ਨੂੰ ਆਈ.ਪੀ.ਐਲ. ਵਿਚ ਬਾਇਓ ਬਬਲ ਵਿਚ ਪ੍ਰਵੇਸ਼ ਤੋਂ ਪਹਿਲਾਂ 7 ਦਿਨ ਲਈ ਜ਼ਰੂਰੀ ਇਕਾਂਤਵਾਸ ਵਿਚ ਰਹਿਣਾ ਹੋਵੇਗਾ, ਜਦੋਂ ਕਿ ਖਿਡਾਰੀ ਆਪਣੀ ਰਾਸ਼ਟਰੀ ਟੀਮ ਦੇ ਬਾਇਓ ਬਬਲ ਤੋਂ ਸਿੱਧਾ ਫਰੈਂਚਾਇਜੀ ਦੇ ਬਾਇਓ ਬਬਲ ਵਿਚ ਆ ਸਕਦੇ ਹਨ। ਬੀ.ਸੀ.ਸੀ.ਆਈ. ਨੇ ਵਿਸ਼ੇਸ਼ ਤੌਰ ’ਤੇ ਭਾਰਤ ਅਤੇ ਇੰਗਲੈਂਡ ਦੀ ਟੀਮ ਨੂੰ ਵੱਡੀ ਰਾਹਤ ਦਿੱਤੀ ਹੈ। ਇਸ ਸਮੇਂ ਦੋਵੇਂ ਟੀਮਾਂ ਸੀਰੀਜ਼ ਖੇਡ ਰਹੀਆਂ ਹਨ ਅਤੇ ਅਜਿਹੇ ਵਿਚ ਬੀ.ਸੀ.ਸੀ.ਆਈ. ਨੇ ਭਾਰਤ ਅਤੇ ਇੰਗਲੈਂਡ ਦੇ ਖਿਡਾਰੀਆਂ ਨੂੰ ਬਿਨਾਂ ਇਕਾਂਤਵਾਸ ’ਚੋਂ ਲੰਘੇ ਆਈ.ਪੀ.ਐਲ. ਫਰੈਂਚਾਇਜ਼ੀ ਦੇ ਬਾਇਓ ਬਬਲ ਵਿਚ ਪ੍ਰਵੇਸ਼ ਤੋਂ ਛੋਟ ਦਿੱਤੀ ਹੈ।

ਇਹ ਵੀ ਪੜ੍ਹੋ: ਨਿਊਜ਼ੀਲੈਂਡ ’ਚ ਮਨਦੀਪ ਸਿੱਧੂ ਦੇ ਚਰਚੇ, ਸੀਨੀਅਰ ਸਾਰਜੈਂਟ ਦੇ ਅਹੁਦੇ 'ਤੇ ਪਹੁੰਚਣ ਵਾਲੀ ਪਹਿਲੀ ਪੰਜਾਬਣ ਬਣੀ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News