BCCI ਦਾ ਐਲਾਨ, ਸਟਾਰ ਗੇਂਦਬਾਜ਼ ਬੁਮਰਾਹ ਨੂੰ ਮਿਲੇਗਾ ਇਹ ਵੱਡਾ ਐਵਾਰਡ

01/12/2020 12:27:16 PM

ਨਵੀਂ ਦਿੱਲੀ : ਭਾਰਤ ਦੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੂੰ 2018-19 ਸੈਸ਼ਨ ਦੀ ਕੌਮਾਂਤਰੀ ਕ੍ਰਿਕਟ ਵਿਚ ਸ਼ਾਨਦਾਰ ਪ੍ਰਦਰਸ਼ਨ ਲਈ ਵੱਕਾਰੀ 'ਪਾਲੀ ਉਮਰੀਗਰ ਪੁਰਸਕਾਰ' ਨਾਲ ਸਨਮਾਨਿਤ ਕੀਤਾ ਜਾਵੇਗਾ। ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਨੇ ਐਤਵਾਰ ਨੂੰ ਇਹ ਐਲਾਨ ਕੀਤਾ ਹੈ। ਮੁੰਬਈ ਵਿਚ ਅੱਜ (ਐਤਵਾਰ ਨੂੰ) 26 ਸਾਲਾ ਤੇਜ਼ ਗੇਂਦਬਾਜ਼ ਬੁਮਰਾਹ ਨੂੰ ਬੀ. ਸੀ. ਸੀ. ਆਈ. ਸਾਲਾਨਾ ਪੁਰਸਕਾਰ ਸਮਾਗਮ ਦੌਰਾਨ ਇਹ ਐਵਾਰਡ ਦਿੱਤਾ ਜਾਵੇਗਾ। ਦੁਨੀਆ ਦੇ ਨੰਬਰ-1 ਵਨ ਡੇ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੇ ਜਨਵਰੀ 2018 ਵਿਚ ਭਾਰਤ ਦੇ ਦੱਖਣੀ ਅਫਰੀਕਾ ਦੌਰੇ ਦੌਰਾਨ ਟੈਸਟ ਕ੍ਰਿਕਟ ਵਿਚ ਡੈਬਿਊ ਕੀਤਾ ਸੀ ਅਤੇ ਤਦ ਤੋਂ ਉਸ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ।

ਜਸਪ੍ਰੀਤ ਬੁਮਰਾਹ ਨੇ ਟੈਸਟ ਕ੍ਰਿਕਟ ਵਿਚ ਦੱਖਣੀ ਅਫਰੀਕਾ, ਇੰਗਲੈਂਡ, ਆਸਟਰੇਲੀਆ ਅਤੇ ਵੈਸਟਇੰਡੀਜ਼ ਵਿਚ ਇਕ ਪਾਰੀ ਦੌਰਾਨ 5 ਵਿਕਟਾਂ ਲੈਣ ਦਾ ਕਾਰਨਾਮਾ ਕੀਤਾ ਅਤੇ ਅਜਿਹਾ ਕਰਨ ਵਾਲੇ ਉਹ ਪਹਿਲੇ ਅਤੇ ਇਕਲੌਤੇ ਏਸ਼ੀਆਈ ਗੇਂਦਬਾਜ਼ ਹਨ। ਬੁਮਰਾਹ ਨੇ ਟੈਸਟ ਕ੍ਰਿਕਟ ਵਿਚ ਹੈਟ੍ਰਿਕ ਵੀ ਲਈ ਹੈ। ਉਸ ਨੇ ਜਮੈਕਾ ਦੇ ਸਬਿਨਾ ਪਾਰਕ ਵਿਚ ਆਪਣੀ ਹੈਟ੍ਰਿਕ ਨਾਲ ਵੈਸਟਇੰਡੀਜ ਦੀ ਬੱਲੇਬਾਜ਼ੀ ਦੀਆਂ ਧੱਜੀਆਂ ਉਡਾ ਦਿੱਤੀਆਂ ਸੀ। 'ਯਾਰਕਰਮੈਨ' ਬੁਮਰਾਹ ਨੇ ਭਾਰਤ ਦੀ ਆਸਟਰੇਲੀਆ ਵਿਚ 2-1 (4) ਨਾਲ ਇਤਿਹਾਸਕ ਟੈਸਟ ਸੀਰੀਜ਼ ਜਿੱਤ ਵਿਚ ਸ਼ਾਨਦਾਰ ਭੂਮਿਕਾ ਨਿਭਾਈ, ਜਿਸ ਨਾਲ ਭਾਰਤ-ਗਾਵਸਕਰ ਟਰਾਫੀ ਬਰਕਰਾਰ ਰੱਖਣ ਵਿਚ ਸਫਲ ਰਿਹਾ। ਬੁਮਰਾਹ ਜਿੱਥੇ ਪੁਰਸ਼ ਵਰਗ ਵਿਚ ਸਭ ਤੋਂ ਵੱਡਾ ਪੁਰਸਕਾਰ ਹਾਸਲ ਕਰਨਗੇ, ਉੱਥੇ ਹੀ ਸਪਿਨਰ ਪੂਨਮ ਯਾਦਵ ਮਹਿਲਾ ਵਰਗ ਵਿਚ ਚੋਟੀ ਪੁਰਸਕਾਰ 'ਤੇ ਕਬਜ਼ਾ ਕਰੇਗੀ ਅਤੇ ਉਸ ਨੂੰ ਸਰਵਸ੍ਰੇਸ਼ਠ ਕੌਮਾਂਤਰੀ ਕ੍ਰਿਕਟਰ ਨਾਲ ਸਨਮਾਨਿਤ ਕੀਤਾ ਜਾਵੇਗਾ। ਲੈਗ ਸਪਿਨਰ ਪੂਨਮ ਯਾਦਵ ਨੂੰ ਹਾਲ ਹੀ 'ਚ ਅਰਜੁਨ ਪੁਰਸਕਾਰ ਮਿਲਿਆ ਹੈ।

PunjabKesari

ਇਸ ਤੋਂ ਇਲਾਵਾ ਸਾਬਕਾ ਕਪਤਾਨ ਕ੍ਰਿਸ਼ਣਮਾਚਾਰੀ ਸ਼੍ਰੀਕਾਂਤ ਅਤੇ ਅੰਜੁਮ ਚੋਪੜਾ ਨੂੰ ਕ੍ਰਮਵਾਰ : ਕਰਨਲ ਸੀ. ਕੇ. ਨਾਇਡੂ ਲਾਈਫਟਾਈਮ ਅਚੀਵਮੈਂਟ ਐਵਾਰਡ ਅਤੇ ਮਹਿਲਾਵਾਂ ਵਿਚ ਬੀ. ਸੀ. ਸੀ. ਆਈ. ਲਾਈਫਟਾਈਮ ਅਚੀਵਮੈਂਟ ਐਵਾਰਡ ਨਾਲ ਸਨਮਾਨਿਤ ਕੀਤਾ ਜਾਵੇਗਾ।

PunjabKesari


Related News