ਕੋਰੋਨਾ ਵਾਇਰਸ ਦੇ ਕਹਿਰ ਕਾਰਨ BCCI ਨੇ ਟੀਮ ਇੰਡੀਆ ’ਤੇ ਲਾਈਆਂ ਇਹ ਰੋਕਾਂ
Thursday, Mar 12, 2020 - 11:56 AM (IST)
ਸਪੋਰਟਸ ਡੈਸਕ— ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਨੇ ਦੱਖਣੀ ਅਫਰੀਕਾ ਖਿਲਾਫ ਹੋਣ ਵਾਲੀ ਵਨ-ਡੇ ਸੀਰੀਜ਼ ਤੋਂ ਪਹਿਲਾਂ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਖਿਡਾਰੀਆਂ ਲਈ ਸਿਹਤ ਸਬੰਧੀ ਨਿਰਦੇਸ਼ ਜਾਰੀ ਕੀਤੇ ਹਨ। ਬੀ. ਸੀ. ਸੀ. ਆਈ. ਨੇ ਇਕ ਬਿਆਨ ’ਚ ਕਿਹਾ, ‘‘ਬੀ. ਸੀ. ਸੀ. ਆਈ. ਦੀ ਮੈਡੀਕਲ ਟੀਮ ਕੋਰੋਨਾ ਵਾਇਰਸ ਦੀ ਵਰਤਮਾਨ ਸਥਿਤੀ ’ਤੇ ਨਜ਼ਰ ਰੱਖੇ ਹੋਏ ਹੈ। ਸਾਰੇ ਖਿਡਾਰੀਆਂ, ਟੀਮ ਸਪੋਰਟ ਸਟਾਫ, ਸੂਬਾ ਸੰਘਾਂ ਨੂੰ ਵਿਸ਼ਵ ਸਿਹਤ ਸੰਗਠਨ (ਡਬਲਿਊ. ਐੱਚ. ਓ.) ਅਤੇ ਭਾਰਤ ਸਰਕਾਰ ਦੇ ਸਿਹਤ ਮੰਤਰਾਲਾ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਬਾਰੇ ਦੱਸਿਆ ਹੈ।
ਬੋਰਡ ਨੇ ਕਿਹਾ ਕਿ ਖਿਡਾਰੀਆਂ ਨੂੰ ਖੁਦ ਦੀ ਸਵੱਛਤਾ ਬਣਾਏ ਰੱਖਣ ਲਈ ਕੀ ਕਰਨਾ ਹੈ ਅਤੇ ਕੀ ਨਹੀਂ ਕਰਨਾ ਹੈ, ਇਸ ਬਾਰੇ ਦੱਸਿਆ ਗਿਆ ਹੈ। ਇਸ ’ਚ ਕਿਹਾ ਗਿਆ ਹੈ ਕਿ ਹੱਥ ਮਿਲਾਉਣ ਤੋਂ ਬਚੋ, ਅਣਜਾਨ ਸ਼ਖਸ ਦੇ ਨਾਲ ਸੈਲਫੀ ਲੈਣ ਤੋਂ ਬਚੋ ਅਤੇ ਕਿਸੇ ਹੋਰ ਦਾ ਫੋਨ ਹੱਥ ’ਚ ਲੈ ਕੇ ਸੈਲਫੀ ਲੈਣ ਤੋਂ ਬਚੋ।
ਬੀ. ਸੀ. ਸੀ. ਆਈ. ਨੇ ਕਿਹਾ, ‘‘ਏਅਰਲਾਇੰਸ, ਟੀਮ ਹੋਟਲਾਂ, ਸੂਬਾ ਸੰਘਾਂ ਅਤੇ ਮੈਡੀਕਲ ਟੀਮਾਂ ਨੂੰ ਖਿਡਾਰੀਆਂ ਦੇ ਵਰਤੋਂ ਕਰਨ ਤੋਂ ਪਹਿਲਾਂ ਅਤੇ ਖਿਡਾਰੀਆਂ ਦੇ ਉਪਯੋਗ ਦੇ ਦੌਰਾਨ ਸਾਰੀਆਂ ਸਹੂਲਤਾਂ ਦੀ ਸਾਫ-ਸਫਾਈ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।’’ ਭਾਰਤੀ ਬੋਰਡ ਨੇ ਨਾਲ ਹੀ ਕਿਹਾ, ‘‘ਸਟੇਡੀਅਮ ਦੇ ਸਾਰੇ ਟਾਇਲਟਸ ’ਚ ਹੈਂਡਵਾਸ਼ ਅਤੇ ਸੈਨੇਟਾਈਜ਼ਰ ਰਹਿਣਗੇ। ਸਟੇਡੀਅਮ ’ਚ ਮੌਜੂਦ ਮੁੱਢਲੀ ਮੈਡੀਕਲ ਟੀਮ ਇਲਾਜ਼ ਚਾਹੁਣ ਵਾਲੇ ਸਾਰੇ ਰੋਗੀਆਂ ਦਾ ਰਿਕਾਰਡਸ ਰੱਖੇਗੀ।’’ ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਪਹਿਲਾਂ ਵਨ-ਡੇ ਮੈਚ ਵੀਰਵਾਰ ਧਰਮਸ਼ਾਲਾ ਵਿਖੇ ਖੇਡਿਆ ਜਾਣਾ ਹੈ।