BCB ਨੇ ਮੰਨਿਆ ਕਿ ਉਸਦੇ ਖਿਡਾਰੀਆਂ ਨੇ ਕੀਤੀ ਬਦਤਮੀਜ਼ੀ
Monday, Mar 19, 2018 - 12:51 AM (IST)
ਕੋਲੰਬੋ- ਬੰਗਲਾਦੇਸ਼ ਕ੍ਰਿਕਟ ਬੋਰਡ (ਬੀ. ਸੀ. ਬੀ.) ਨੇ ਮੰਨਿਆ ਹੈ ਕਿ ਨਿਦਹਾਸ ਟਰਾਫੀ ਟੀ-20 ਟੂਰਨਾਮੈਂਟ ਦੇ ਸ਼ੁੱਕਰਵਾਰ ਨੂੰ ਹੋਏ ਮੈਚ ਵਿਚ ਸ਼੍ਰੀਲੰਕਾਈ ਟੀਮ ਵਿਰੁੱਧ ਬੰਗਲਾਦੇਸ਼ੀ ਖਿਡਾਰੀਆਂ ਦਾ ਰਵੱਈਆ ਇਤਰਾਜ਼ਯੋਗ ਸੀ। ਕੋਲੰਬੋ ਦੇ ਆਰ. ਪ੍ਰੇਮਾਦਾਸ ਸਟੇਡੀਅਮ ਵਿਚ ਹੋ ਰਹੀ ਨਿਦਹਾਸ ਟਰਾਫੀ ਦੇ ਸ਼ੁੱਕਰਵਾਰ ਨੂੰ ਹੋਏ ਆਖਰੀ ਨਾਕਆਊਟ ਮੈਚ ਦੌਰਾਨ ਮੇਜ਼ਬਾਨ ਸ਼੍ਰੀਲੰਕਾ ਤੇ ਬੰਗਲਾਦੇਸ਼ੀ ਟੀਮ ਦੇ ਖਿਡਾਰੀਆਂ ਵਿਚਾਲੇ ਜਮ ਕੇ ਬਹਿਸ ਹੋ ਗਈ ਸੀ। ਬੰਗਲਾਦੇਸ਼ੀ ਟੀਮ ਨੇ ਇਹ ਮੈਚ 2 ਵਿਕਟਾਂ ਨਾਲ ਜਿੱਤਿਆ ਤੇ ਉਹ ਫਾਈਨਲ ਵਿਚ ਪਹੁੰਚੀ ਪਰ ਇਸ ਮੈਚ ਦੌਰਾਨ ਬੰਗਲਾਦੇਸ਼ੀ ਖਿਡਾਰੀਆਂ ਨੇ ਮੈਦਾਨ 'ਤੇ ਨਾਗਿਨ ਡਾਂਸ ਕੀਤਾ ਤੇ ਵਿਰੋਧੀ ਟੀਮ ਦੇ ਖਿਡਾਰੀਆਂ ਨਾਲ ਤਿੱਖੀ ਬਹਿਸ ਕੀਤੀ, ਜਿਸ ਦੇ ਲਈ ਉਸਦੇ ਖਿਡਾਰੀਆਂ ਨੁਰੂਲ ਹਸਨ ਤੇ ਕਪਤਾਨ ਸ਼ਾਕਿਬ ਅਲ ਹਸਨ 'ਤੇ ਜੁਰਮਾਨਾ ਵੀ ਲਾਇਆ ਗਿਆ ਹੈ। ਬੀ. ਸੀ. ਬੀ. ਨੇ ਮੰਨਿਆ ਕਿ ਉਸਦੇ ਖਿਡਾਰੀਆਂ ਦਾ ਵਤੀਰਾ ਨਾਮਨਜ਼ੂਰ ਸੀ ਤੇ ਉਸ ਨੇ ਆਪਣੇ ਖਿਡਾਰੀਆਂ ਨੂੰ ਅੱਗੇ ਤੋਂ ਖੇਡ ਭਾਵਨਾ ਬਣਾਏ ਰੱਖਣ ਦੀ ਹਿਦਾਇਤ ਵੀ ਦਿੱਤੀ ਹੈ।
