ਬਾਇਰਨ ਮਿਊਨਿਖ ਦੀ ਜਰਮਨ ਕੱਪ ’ਚ ਸਭ ਤੋਂ ਵੱਡੀ ਹਾਰ, ਗਲੈਡਬਾਕ ਨੇ 5-0 ਨਾਲ ਹਰਾਇਆ
Thursday, Oct 28, 2021 - 01:11 PM (IST)
ਬਰਲਿਨ (ਭਾਸ਼ਾ) : ਜਰਮਨੀ ਦੇ ਚੋਟੀ ਦੇ ਫੁੱਟਬਾਲ ਕਲੱਬ ਬਾਇਰਨ ਮਿਊਨਿਖ ਨੂੰ ਜਰਮਨ ਕੱਪ ਵਿਚ ਹੁਣ ਤੱਕ ਦੀ ਆਪਣੀ ਸਭ ਤੋਂ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ, ਜਿਸ ਨਾਲ ਉਸ ਦਾ ਇਸ ਟੂਰਨਾਮੈਂਟ ਵਿਚ ਸਫ਼ਰ ਵੀ ਖ਼ਤਮ ਹੋ ਗਿਆ। ਬੋਰੂਸੀਆ ਮੋਨਚੇਂਗਲੈਡਬਾਕ ਨੇ ਆਪਣੇ ਪ੍ਰਸ਼ੰਸਕਾਂ ਦੇ ਸਾਹਮਣੇ ਬਾਇਰਨ ਨੂੰ 5-0 ਨਾਲ ਕਰਾਰੀ ਹਾਰ ਦੇ ਕੇ ਬਾਹਰ ਦਾ ਰਸਤਾ ਦਿਖਾਇਆ। ਇਹ ਬਾਇਰਨ ਦੀ ਇਸ ਮੁਕਾਬਲੇ ਵਿਚ ਸਭ ਤੋਂ ਵੱਡੀ ਹਾਰ ਹੈ। ਇਹ ਪਿਛਲੇ 43 ਸਾਲਾਂ ਵਿਚ ਕਿਸੇ ਵੀ ਮੁਕਾਬਲੇ ਵਿਚ ਉਸ ਦੀ ਸਭ ਤੋਂ ਵੱਡੀ ਹਾਰ ਹੈ।
ਇਸ ਤੋਂ ਪਹਿਲਾਂ 9 ਦਸੰਬਰ ਨੂੰ 1978 ਨੂੰ ਬੁੰਦੇਸਲੀਗਾ ਵਿਚ ਫੋਰਟੁਨਾ ਡੁਸੇਲਡੋਰਫ ਨੇ ਉਸ ਨੂੰ 7-1 ਨਾਲ ਹਰਾਇਆ ਸੀ। ਗਲੈਡਬਾਕ ਨੇ ਸ਼ੁਰੂ ਵਿਚ ਹੀ 3 ਗੋਲ ਕਰ ਦਿੱਤੇ ਸਨ। ਉਸ ਲਈ ਕੌਆਡਿਓ ਕੋਨ ਨੇ ਦੂਜੇ ਮਿੰਟ ਵਿਚ ਗੋਲ ਕਰਕੇ ਖਾਤਾ ਖੋਲ੍ਹਿਆ। ਇਸ ਤੋਂ ਬਾਅਦ ਰੇਮੀ ਬੇਂਸਬੈਨੀ ਨੇ 15ਵੇਂ ਮਿੰਟ ਵਿਚ ਮੈਦਾਨੀ ਗੋਲ ਕੀਤਾ ਅਤੇ ਫਿਰ 21ਵੇਂ ਮਿੰਟ ਵਿਚ ਪੈਨਲਟੀ ਨੂੰ ਗੋਲ ਵਿਚ ਬਦਲਿਆ। ਬ੍ਰੀਲ ਇੰਬੋਲੋ ਨੇ 51ਵੇਂ ਮਿੰਟ ਵਿਚ ਸਕੋਰ 4-0 ਕੀਤਾ ਅਤੇ ਫਿਰ ਇਸ ਦੇ 6 ਮਿੰਟ ਬਾਅਦ ਆਪਣਾ ਦੂਜਾ ਗੋਲ ਕੀਤਾ। ਹੋਰ ਮੈਚਾਂ ਵਿਚ ਦੂਜੇ ਡਿਵੀਜ਼ਨ ਦੀ ਟੀਮ ਕਾਰਲਜੂਰ ਐਸ.ਸੀ. ਨੇ ਬਾਇਰ ਲੀਵਰਕੁਸੇਨ ਨੂੰ 2-1 ਨਾਲ ਹਰਾ ਕੇ ਬਾਹਰ ਦਾ ਰਸਤਾ ਦਿਖਾਇਆ। ਯੂਨੀਅਨ ਬਰਲਿਨ ਨੇ ਵਾਲਡਹੋਫ ਮੈਨਹੀਮ ’ਤੇ 3-1 ਨਾਲ ਜਿੱਤ ਦਰਜ ਕੀਤੀ।