ਲਿਟਨ ਦਾ ਸੈਂਕੜਾ, ਬੰਗਲਾਦੇਸ਼ ਨੇ ਪਾਕਿਸਤਾਨ ਵਿਰੁੱਧ ਦੂਜੇ ਟੈਸਟ ’ਚ ਕੀਤੀ ਵਾਪਸੀ

Monday, Sep 02, 2024 - 10:55 AM (IST)

ਲਿਟਨ ਦਾ ਸੈਂਕੜਾ, ਬੰਗਲਾਦੇਸ਼ ਨੇ ਪਾਕਿਸਤਾਨ ਵਿਰੁੱਧ ਦੂਜੇ ਟੈਸਟ ’ਚ ਕੀਤੀ ਵਾਪਸੀ

ਰਾਵਲਪਿੰਡੀ (ਪਾਕਿਸਤਾਨ), (ਭਾਸ਼ਾ)– ਲਿਟਨ ਦਾਸ ਦੇ ਸੈਂਕੜੇ ਤੇ ਮੇਹਦੀ ਹਸਨ ਮਿਰਾਜ ਦੇ ਅਰਧ ਸੈਂਕੜੇ ਨਾਲ ਬੰਗਲਾਦੇਸ਼ ਨੇ ਐਤਵਾਰ ਨੂੰ ਇੱਥੇ ਦੂਜੇ ਟੈਸਟ ਵਿਚ ਤੇਜ਼ ਗੇਂਦਬਾਜ਼ ਖੁਰਮ ਸ਼ਹਿਜ਼ਾਦ ਦੇ ਪਹਿਲੀ ਵਾਰ 5 ਵਿਕਟਾਂ ਦੇ ਪ੍ਰਦਰਸ਼ਨ ਦੇ ਬਾਵਜੂਦ ਪਾਕਿਸਤਾਨ ਵਿਰੁੱਧ ਵਾਪਸੀ ਕੀਤੀ।

ਸ਼ਹਿਜ਼ਾਦ (90 ਦੌੜਾਂ ਦੇ ਕੇ 6 ਵਿਕਟਾਂ) ਨੇ ਪਹਿਲੀ ਵਾਰ 5 ਵਿਕਟਾਂ ਲੈਣ ਦਾ ਕਾਰਨਾਮਾ ਕੀਤਾ। ਲਿਟਨ ਨੇ 12 ਚੌਕਿਆਂ ਤੇ 2 ਛੱਕਿਆਂ ਦੀ ਮਦਦ ਨਾਲ 138 ਦੌੜਾਂ ਦੀ ਹਮਲਾਵਰ ਪਾਰੀ ਖੇਡੀ ਜਦਕਿ ਮੇਹਦੀ ਨੇ 78 ਦੌੜਾਂ ਬਣਾਈਆਂ। ਇਸ ਨਾਲ ਬੰਗਲਾਦੇਸ਼ ਨੇ ਤੀਜੇ ਦਿਨ ਪਹਿਲੇ ਘੰਟੇ ਵਿਚ ਸ਼ਹਿਜ਼ਾਦ ਦੇ ਸ਼ੁਰੂਆਤੀ ਝਟਕਿਆਂ ਤੋਂ ਬਾਅਦ 6 ਵਿਕਟਾਂ ’ਤੇ 26 ਦੌੜਾਂ ਦੇ ਸਕੋਰ ਤੋਂ ਉੱਭਰਦੇ ਹੋਏ 262 ਦੌੜਾਂ ਬਣਾਈਆਂ।

ਬੰਗਲਾਦੇਸ਼ ਨੇ ਪਿਛਲੇ ਹਫਤੇ ਪਾਕਿਸਤਾਨ ਨੂੰ ਪਹਿਲੇ ਟੈਸਟ ਵਿਚ 10 ਵਿਕਟਾਂ ਨਾਲ ਹਰਾਇਆ ਸੀ। ਦੂਜੀ ਪਾਰੀ ਵਿਚ ਪਾਕਿਸਤਾਨ ਨੇ ਸਟੰਪਸ ਤੱਕ 2 ਵਿਕਟਾਂ ਗੁਆ ਕੇ 9 ਦੌੜਾਂ ਬਣਾ ਲਈਆਂ ਸਨ ਤੇ ਉਸ ਦੀ ਕੁਲ ਬੜ੍ਹਤ 21 ਦੌੜਾਂ ਦੀ ਹੋ ਗਈ ਹੈ।

ਪਾਕਿਸਤਾਨ ਨੇ ਨਾਈਟਵਾਚਮੈਨ ਸ਼ਹਿਜ਼ਾਦ ਤੇ ਸਲਾਮੀ ਬੱਲੇਬਾਜ਼ ਅਬਦੁੱਲਾ ਸ਼ਫੀਕ ਦੀ ਵਿਕਟ ਗੁਆ ਦਿੱਤੀ। ਸਈਅਮ ਅਯੂਬ 6 ਦੌੜਾਂ ਬਣਾ ਕੇ ਕ੍ਰੀਜ਼ ’ਤੇ ਮੌਜੂਦ ਸਨ।

ਇਸ ਤੋਂ ਪਹਿਲਾਂ ਸ਼ਹਿਜ਼ਾਦ ਨੇ 90 ਦੌੜਾਂ ਦੇ ਕੇ 5 ਵਿਕਟਾਂ ਲਈਆਂ ਪਰ ਲਿਟਨ ਤੇ ਮੇਹਦੀ ਦੋਵਾਂ ਨੇ ਲੰਚ ਤੋਂ ਬਾਅਦ ਇਸ ਤੇਜ਼ ਗੇਂਦਬਾਜ਼ ਦਾ ਡਟ ਕੇ ਸਾਹਮਣਾ ਕਰਦੇ ਹੋਏ 165 ਦੌੜਾਂ ਦੀ ਸਾਂਝੇਦਾਰੀ ਕੀਤੀ। ਸ਼ਹਿਜ਼ਾਦ ਨੇ ਸਵੇਰ ਦੇ ਸੈਸ਼ਨ ਵਿਚ 4 ਵਿਕਟਾਂ ਲਈਆਂ ਤੇ ਫਿਰ ਆਪਣੇ ਖਾਤੇ ਵਿਚ 2 ਹੋਰ ਵਿਕਟਾਂ ਲਈਆਂ। ਚਾਹ ਦੀ ਬ੍ਰੇਕ ਦੇ ਤੁਰੰਤ ਬਾਅਦ ਲਿਟਨ ਨੇ ਆਪਣਾ ਸੈਂਕੜਾ ਪੂਰਾ ਕੀਤਾ ਤੇ 10ਵੇਂ ਨੰਬਰ ਦੇ ਖਿਡਾਰੀ ਹਸਨ ਮਹਿਮੂਦ (ਅਜੇਤੂ 13) ਦੇ ਨਾਲ 69 ਦੌੜਾਂ ਜੋੜ ਕੇ ਪਾਕਿਸਤਾਨ ਨੂੰ ਹੋਰ ਨਿਰਾਸ਼ ਕੀਤਾ।

ਇਸ ਤੋਂ ਪਹਿਲਾਂ ਬੰਗਲਾਦੇਸ਼ ਦਾ ਚੋਟੀਕ੍ਰਮ ਸ਼ਹਿਜ਼ਾਦ ਤੇ ਮੀਰ ਹਮਜ਼ਾ (50 ਦੌੜਾਂ ਦੇ ਕੇ 2 ਵਿਕਟਾਂ) ਦੀ ਸ਼ਾਨਦਾਰ ਸੀਮ ਤੇ ਸਵਿੰਗ ਸਾਹਮਣੇ ਲੜਖੜਾ ਗਿਆ। ਸਵੇਰੇ ਬਿਨਾਂ ਵਿਕਟ ਗੁਆਏ 10 ਦੌੜਾਂ ਤੋਂ ਖੇਡਣ ਉਤਰੀ ਬੰਗਲਾਦੇਸ਼ ਨੇ 26 ਦੌੜਾਂ ’ਤੇ 6 ਵਿਕਟਾਂ ਗੁਆ ਦਿੱਤੀਆਂ ਪਰ ਇਸ ਤੋਂ ਬਾਅਦ ਲਿਟਨ ਤੇ ਮੇਹਦੀ ਨੇ ਸ਼ਾਨਦਾਰ ਸੈਂਕੜੇ ਵਾਲੀ ਸਾਂਝੇਦਾਰੀ ਕਰਕੇ ਤੇਜ਼ ਗੇਂਦਬਾਜ਼ਾਂ ਨਾਲ ਸਪਿਨ ’ਤੇ ਆਪਣਾ ਦਬਦਬਾ ਬਣਾਇਆ ਤੇ ਬੰਗਲਾਦੇਸ਼ ਨੂੰ ਵਾਪਸੀ ਕਰਵਾਈ। ਪਾਕਿਸਤਾਨ ਨੇ ਪਹਿਲੇ ਦਿਨ ਦੀ ਖੇਡ ਮੀਂਹ ਕਾਰਨ ਰੱਦ ਹੋਣ ਤੋਂ ਬਾਅਦ ਦੂਜੇ ਦਿਨ ਪਹਿਲੀ ਪਾਰੀ ਵਿਚ 274 ਦੌੜਾਂ ਬਣਾਈਆਂ ਸਨ।


author

Tarsem Singh

Content Editor

Related News