BAN vs SA : ਜਾਰਜੀ ਤੇ ਸਟੱਬਸ ਦੇ ਸੈਂਕੜਿਆਂ ਨਾਲ ਦੱਖਣੀ ਅਫਰੀਕਾ ਦੀ ਸ਼ਾਨਦਾਰ ਸ਼ੁਰੂਆਤ
Wednesday, Oct 30, 2024 - 10:49 AM (IST)
ਚਟਗਾਂਵ– ਸਲਾਮੀ ਬੱਲੇਬਾਜ਼ ਟੋਨੀ ਡੀ ਜਾਰਡੀ ਤੇ ਟ੍ਰਿਸਟਨ ਸਟੱਬਸ ਦੇ ਪਹਿਲੇ ਟੈਸਟ ਸੈਂਕੜਿਆਂ ਦੀ ਮਦਦ ਨਾਲ ਦੱਖਣੀ ਅਫਰੀਕਾ ਨੇ ਬੰਗਲਾਦੇਸ਼ ਵਿਰੁੱਧ ਦੂਜੇ ਤੇ ਆਖਰੀ ਟੈਸਟ ਦੇ ਪਹਿਲੇ ਦਿਨ 2 ਵਿਕਟਾਂ ’ਤੇ 307 ਦੌੜਾਂ ਬਣਾ ਕੇ ਸ਼ਾਨਦਾਰ ਸ਼ੁਰੂਆਤ ਕਰ ਲਈ। ਖਰਾਬ ਰੌਸ਼ਨੀ ਕਾਰਨ ਖੇਡ ਜਲਦੀ ਰੋਕੇ ਜਾਣ ਤੋਂ ਪਹਿਲਾਂ ਜਾਰਜੀ 141 ਤੇ ਡੇਵਿਡ ਬੇਡਿੰਘਮ 18 ਦੌੜਾਂ ਬਣਾ ਕੇ ਖੇਡ ਰਹੇ ਸਨ।
ਸਟੱਬਸ ਨੇ 198 ਗੇਂਦਾਂ ਵਿਚ 6 ਚੌਕਿਆਂ ਤੇ 3 ਛੱਕਿਆਂ ਦੀ ਮਦਦ ਨਾਲ 106 ਦੌੜਾਂ ਬਣਾਈਆਂ। ਖੱਬੇ ਹੱਥ ਦੇ ਸਪਿਨਰ ਤੈਜੁਲ ਇਸਲਾਮ ਨੇ 30 ਓਵਰਾਂ ਵਿਚ 110 ਦੌੜਾਂ ਦੇ ਕੇ ਦੋਵੇਂ ਵਿਕਟਾਂ ਲਈਆਂ।
ਦੱਖਣੀ ਅਫਰੀਕਾ ਦੇ ਕਪਤਾਨ ਐਡਨ ਮਾਰਕ੍ਰਮ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਜਾਰਜੀ ਤੇ ਮਾਰਕ੍ਰਮ ਨੇ 69 ਦੌੜਾਂ ਦੀ ਸਾਂਝੇਦਾਰੀ ਕੀਤੀ, ਜਿਸ ਨੂੰ ਤੈਜੁਲ ਨੇ ਤੋੜਿਆ। ਉਸ ਨੇ ਮਾਰਕ੍ਰਮ ਨੂੰ ਮਿਡ ਆਨ ’ਤੇ ਕੈਚ ਕੀਤਾ, ਜਿਸ ਨੇ 52 ਗੇਂਦਾਂ ਵਿਚ 33 ਦੌੜਾਂ ਬਣਾਈਆਂ। ਜਾਰਜੀ ਨੇ ਤੇਜ਼ ਗੇਂਦਬਾਜ਼ ਹਸਨ ਮਹਿਮੂਦ ਦੀ ਗੇਂਦ ’ਤੇ ਉੱਚੀ ਸ਼ਾਟ ਖੇਡੀ ਪਰ ਡੈਬਿਊ ਕਰ ਰਿਹਾ ਮਹੀਦੁਲ ਇਸਲਾਮ ਕੈਚ ਨਹੀਂ ਫੜ ਸਕਿਆ। ਇਸਦਾ ਖਾਮਿਆਜ਼ਾ ਬੰਗਲਾਦੇਸ਼ ਨੂੰ ਭੁਗਤਣਾ ਪਿਆ ਤੇ ਜਾਰਜੀ ਨੇ ਹਮਲਾਵਰ ਪਾਰੀ ਖੇਡੀ।
ਜਾਰਜੀ ਨੇ 146 ਗੇਂਦਾਂ ਵਿਚ ਆਪਣਾ ਸੈਂਕੜਾ ਪੂਰਾ ਕੀਤਾ। ਇਸ ਵਿਚਾਲੇ ਸਟੱਬਸ ਨੇ ਮੇਹਦੀ ਹਸਨ ਮਿਰਾਜ ਨੂੰ ਲਗਾਤਾਰ 3 ਛੱਕੇ ਲਾਏ। ਉਸ ਨੇ ਮੋਮੀਨੁਲ ਹੱਕ ਨੂੰ ਸਵੀਪ ਕਵਰ ਵਿਚ ਇਕ ਦੌੜ ਲੈ ਕੇ 194 ਗੇਂਦਾਂ ਵਿਚ ਆਪਣਾ ਸੈਂਕੜਾ ਪੂਰਾ ਕੀਤਾ। ਤੈਜੁਲ ਨੇ ਸਟੱਬਸ ਨੂੰ ਆਊਟ ਕਰਕੇ ਉਸਦੇ ਤੇ ਜਾਰਜੀ ਵਿਚਾਲੇ 201 ਦੌੜਾਂ ਦੀ ਸਾਂਝੇਦਾਰੀ ਨੂੰ ਤੋੜਿਆ।