BAN vs AFG : ਬੰਗਲਾਦੇਸ਼ ਨੇ ਰਚਿਆ ਇਤਿਹਾਸ, ਟੈਸਟ ਇਤਿਹਾਸ ''ਚ ਦਰਜ ਕੀਤੀ ਸਭ ਤੋਂ ਵੱਡੀ ਜਿੱਤ
Saturday, Jun 17, 2023 - 08:24 PM (IST)
ਮੀਰਪੁਰ– ਬੰਗਲਾਦੇਸ਼ ਨੇ ਅਫਗਾਨਿਸਤਾਨ ਨੂੰ 546 ਦੌੜਾਂ ਦੇ ਵੱਡੇ ਫਰਕ ਨਾਲ ਹਰਾ ਕੇ ਸ਼ਨੀਵਾਰ ਨੂੰ ਇੱਥੇ ਦੌੜਾਂ ਦੇ ਲਿਹਾਜ ਨਾਲ ਟੈਸਟ ਵਿਚ ਆਪਣੀ ਸਭ ਤੋਂ ਵੱਡੀ ਜਿੱਤ ਦਰਜ ਕੀਤੀ। ਟੈਸਟ ਕ੍ਰਿਕਟ ਦੇ ਇਤਿਹਾਸ ’ਚ ਦੌੜਾਂ ਦੇ ਲਿਹਾਜ ਨਾਲ ਇਹ ਤੀਜੀ ਸਭ ਤੋਂ ਵੱਡੀ ਜਿੱਤ ਹੈ। ਜਿੱਤ ਲਈ 662 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਅਫਗਾਨਿਸਤਾਨ ਦੀ ਟੀਮ ਮੈਚ ਦੇ ਚੌਥੇ ਦਿਨ ਦੂਜੀ ਪਾਰੀ ਵਿਚ 115 ਦੌੜਾਂ ’ਤੇ ਆਊਟ ਹੋ ਗਈ। ਤੇਜ਼ ਗੇਂਦਬਾਜ਼ ਤਸਕੀਨ ਅਹਿਮਦ ਨੇ ਕਰੀਅਰ ਦਾ ਸਰਵਸ੍ਰੇਸ਼ਠ ਪ੍ਰਦਰਸ਼ਨ ਕਰਦੇ ਹੋਏ 37 ਦੌੜਾਂ ਦੇ ਕੇ 4 ਵਿਕਟਾਂ ਲਈਆਂ। ਨਜਮੁਲ ਨੇ ਦੋਵੇਂ ਪਾਰੀਆਂ ’ਚ ਸੈਂਕੜੇ (146 ਤੇ 124 ਦੌੜਾਂ) ਲਾ ਕੇ ਬੰਗਲਾਦੇਸ਼ ਦੀ ਜਿੱਤ ਦੀ ਨੀਂਹ ਰੱਖੀ। ਉਹ ਮੋਮੀਨੁਲ ਹੱਕ ਤੋਂ ਬਾਅਦ ਟੈਸਟ ਕ੍ਰਿਕਟ ਦੀਆਂ ਦੋਵੇਂ ਪਾਰੀਆਂ ’ਚ ਸੈਂਕੜਾ ਲਾਉਣ ਵਾਲਾ ਬੰਗਲਾਦੇਸ਼ ਦਾ ਦੂਜਾ ਬੱਲੇਬਾਜ਼ ਬਣ ਗਿਆ।
ਬੰਗਲਾਦੇਸ਼ ਦੀ ਪਿਛਲੀ ਸਭ ਤੋਂ ਵੱਡੀ ਜਿੱਤ 2005 ਵਿਚ ਜ਼ਿੰਬਾਬਵੇ ਵਿਰੁੱਧ 226 ਦੌੜਾਂ ਦੀ ਸੀ। ਟੈਸਟ ’ਚ ਦੌੜਾਂ ਦੇ ਲਿਹਾਜ ਨਾਲ ਸਭ ਤੋਂ ਵੱਡੀ ਜਿੱਤ ਦਾ ਰਿਕਾਰਡ ਇੰਗਲੈਂਡ ਦੇ ਨਾਂ ਹੈ, ਜਿਸ ਨੇ 1928 ’ਚ ਆਸਟਰੇਲੀਆ ਨੂੰ 675 ਦੌੜਾਂ ਨਾਲ ਹਰਾਇਆ ਸੀ। ਇਸ ਤੋਂ ਬਾਅਦ 1934 ’ਚ ਦਿ ਓਵਲ ’ਚ ਆਸਟ੍ਰੇਲੀਆ ਨੇ ਇੰਗਲੈਂਡ ’ਤੇ 562 ਦੌੜਾਂ ਦੀ ਜਿੱਤ ਦਰਜ ਕੀਤੀ ਸੀ। ਅਫਗਾਨਿਸਤਾਨ ਨੇ ਦਿਨ ਦੀ ਸ਼ੁਰੂਆਤ 2 ਵਿਕਟਾਂ ’ਤੇ 45 ਦੌੜਾਂ ਨਾਲ ਕੀਤੀ ਸੀ। ਦਿਨ ਦੇ ਤੀਜੇ ਓਵਰ ’ਚ ਹੀ ਇਬਾਦਤ ਹੁਸੈਨ (22 ਦੌੜਾਂ ’ਤੇ 1 ਵਿਕਟ) ਨੇ ਨਾਸਿਰ ਜਮਾਲ (6) ਨੂੰ ਵਿਕਟਕੀਪਰ ਦੇ ਹੱਥੋਂ ਕੈਚ ਕਰਵਾ ਦਿੱਤਾ। ਰਹਿਮਤ ਸ਼ਾਹ (30) ਇਕ ਪਾਸੇ ’ਤੇ ਡਟਿਆ ਰਿਹਾ ਤਾਂ ਉੱਥੇ ਹੀ ਦੂਜੇ ਪਾਸੇ ਤੋਂ ਸ਼ਰੀਫੁਲ ਇਸਲਾਮ (28 ਦੌੜਾਂ ’ਤੇ 3 ਵਿਕਟਾਂ) ਨੇ ਅਫਸਰ ਜਜਾਈ (6) ਤੇ ਬਾਹਿਰ ਸ਼ਾਹ (7) ਨੂੰ ਚਲਦਾ ਕੀਤਾ।
ਇਹ ਵੀ ਪੜ੍ਹੋ : ਕਬੱਡੀ ਦੇ ਉੱਭਰਦੇ ਜਾਫੀ ਬੀਰੀ ਢੈਪਈ ਦਾ ਹੋਇਆ ਭਿਆਨਕ ਐਕਸੀਡੈਂਟ
ਬਾਹਿਰ ਕਪਤਾਨ ਹਸ਼ਮਤਉੱਲ੍ਹਾ ਸ਼ਾਹਿਦੀ ਦੀ ਜਗ੍ਹਾ ਬੱਲੇਬਾਜ਼ੀ ਲਈ ਆਇਆ ਸੀ। ਸ਼ਾਹਿਦ ਤਸਕੀਨ ਦੀ ਬਾਊਂਸਰ ’ਤੇ ਤੀਜੇ ਦਿਨ ਜ਼ਖ਼ਮੀ ਹੋਣ ਤੋਂ ਬਾਅਦ 13 ਦੌੜਾਂ ’ਤੇ ਰਿਟਾਇਰਡ ਹਰਟ ਹੋਇਆ ਸੀ। ਤਸਕੀਨ ਨੇ ਰਹਿਮਤ ਨੂੰ ਆਊਟ ਕਰਕੇ ਟੀਮ ਦੀ ਵੱਡੀ ਜਿੱਤ ਤੈਅ ਕਰ ਦਿੱਤੀ। ਉਸ ਨੇ ਇਸ ਤੋਂ ਬਾਅਦ ਕਰੀਮ ਜਨਤ (18) ਤੇ ਯਾਮੀਨ ਅਹਿਮਦਜਈ (1) ਨੂੰ ਵੀ ਪੈਵੇਲੀਅਨ ਦਾ ਰਸਤਾ ਦਿਖਾਇਆ। ਬੰਗਲਾਦੇਸ਼ ਨੇ ਪਹਿਲੀ ਪਾਰੀ ’ਚ 382 ਦੌੜਾਂ ਬਣਾਉਣ ਤੋਂ ਬਾਅਦ ਅਫਗਾਨਿਸਤਾਨ ਨੂੰ 146 ਦੌੜਾਂ ’ਤੇ ਆਊਟ ਕਰ ਦਿੱਤਾ ਸੀ। ਟੀਮ ਨੇ ਚਾਰ ਵਿਕਟਾਂ ’ਤੇ 425 ਦੌੜਾਂ ਬਣਾ ਕੇ ਦੂਜੀ ਪਾਰੀ ਖਤਮ ਐਲਾਨ ਕੀਤੀ ਸੀ, ਜਿਸ ਨਾਲ ਅਫਗਾਨਿਸਤਾਨ ਨੂੰ 662 ਦੌੜਾਂ ਦਾ ਟੀਚਾ ਮਿਲਿਆ ਸੀ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।