ਬਜਰੰਗ ਨੇ ਸੋਨ ਤਮਗਾ ਸਵ. ਵਾਜਪਾਈ ਨੂੰ ਕੀਤਾ ਸਮਰਪਿਤ

Monday, Aug 20, 2018 - 02:11 AM (IST)

ਬਜਰੰਗ ਨੇ ਸੋਨ ਤਮਗਾ ਸਵ. ਵਾਜਪਾਈ ਨੂੰ ਕੀਤਾ ਸਮਰਪਿਤ

ਜਕਾਰਤਾ- ਭਾਰਤ ਦੇ ਪਹਿਲਵਾਨ ਬਜਰੰਗ ਪੂਨੀਆ ਨੇ ਆਪਣੇ ਵੱਕਾਰ ਅਨੁਸਾਰ ਪ੍ਰਦਰਸ਼ਨ ਕਰਦਿਆਂ 18ਵੀਆਂ ਏਸ਼ੀਆਈ ਖੇਡਾਂ ਵਿਚ ਭਾਰਤ ਨੂੰ ਪਹਿਲਾ ਸੋਨ ਤਮਗਾ ਦਿਵਾ ਦਿੱਤਾ। ਬਜਰੰਗ ਨੇ ਕੁਸ਼ਤੀ ਮੁਕਾਬਲਿਆਂ ਵਿਚ 65 ਕਿ. ਗ੍ਰਾ. ਫ੍ਰੀ ਸਟਾਈਲ ਭਾਰ ਵਰਗ ਦੇ ਫਾਈਨਲ ਵਿਚ ਜਾਪਾਨ ਦੇ ਦਾਇਚੀ ਤਾਕਾਤਾਨੀ ਨੂੰ 11-8 ਨਾਲ ਹਰਾ ਕੇ ਏਸ਼ੀਆਈ ਖੇਡਾਂ ਵਿਚ ਆਪਣਾ ਵੀ ਪਹਿਲਾ ਸੋਨ ਤਮਗਾ ਜਿੱਤ ਲਿਆ। ਬਜਰੰਗ ਨੇ ਤਮਗਾ ਹਾਸਲ ਕਰ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੂੰ ਸਮਰਪਿਤ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ 'ਮੈਂ ਇਹ ਸੋਨ ਤਮਗਾ ਸਵ. ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੂੰ ਸਮਰਪਿਤ ਕਰਦਾ ਹਾਂ।' ਨਾਲ ਹੀ ਉਸ ਨੇ ਜਿੱਤ ਦਾ ਸਿਹਰਾ ਆਪਣੇ ਮੇਂਟਾਰ ਤੇ ਓਲੰਪਿਕ ਤਮਗਾ ਰੇਸਲਰ ਯੋਗੇਸ਼ਵਰ ਦੱਤ ਨੂੰ ਦਿੱਤਾ। 24 ਸਾਲਾ ਇਸ ਪਹਿਲਵਾਨ ਨੇ ਕਿਹਾ ਕਿ ਮੈਂ ਯੋਗੀ ਭਰਾ ਨਾਲ ਕੀਤਾ ਵਾਅਦਾ ਪੂਰਾ ਕੀਤਾ।


ਬਜਰੰਗ ਨੇ ਲਗਾਤਾਰ ਬਿਹਤਰੀਨ ਪ੍ਰਦਰਸ਼ਨ ਕੀਤਾ ਤੇ ਆਪਣੇ ਰਸਤੇ ਦੇ ਸਾਰੇ ਪਹਿਲਵਾਨਾਂ ਨੂੰ ਚਿੱਤ ਕਰਦਿਆਂ ਖਿਤਾਬ ਆਪਣੇ ਨਾਂ ਕੀਤਾ। ਬਜਰੰਗ ਨੇ ਚਾਰ ਸਾਲ ਪਹਿਲਾਂ ਇੰਚੀਓਨ ਏਸ਼ੀਆਈ ਖੇਡਾਂ ਵਿਚ 61 ਕਿ. ਗ੍ਰਾ. ਵਰਗ ਵਿਚ ਚਾਂਦੀ ਤਮਗਾ ਜਿੱਤਿਆ ਸੀ ਤੇ ਇਸ ਵਾਰ ਉਸ ਨੇ 65 ਕਿ. ਗ੍ਰਾ. ਭਾਰ ਵਰਗ ਵਿਚ ਉਤਰ ਕੇ ਦੇਸ਼ ਨੂੰ ਸੋਨਾ ਦਿਵਾਇਆ।

PunjabKesari
ਫਾਈਨਲ 'ਚ ਬਜਰੰਗ ਨੂੰ ਜਾਪਾਨੀ ਪਹਿਲਵਾਨ ਨੇ ਸਖਤ ਟੱਕਰ ਦਿੱਤੀ ਪਰ ਬਜਰੰਗ ਨੇ ਫੈਸਲਾਕੁੰਨ ਮੌਕਿਆਂ 'ਤੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਤੇ ਇਸਦੇ ਨਾਲ ਹੀ ਭਾਰਤੀ ਖੇਮੇ ਵਿਚ ਖੁਸ਼ੀ ਦੀ ਲਹਿਰ ਦੌੜ ਗਈ। ਬਜਰੰਗ ਦੇ ਸੋਨਾ ਜਿੱਤਦੇ ਹੀ ਇੰਡੋਨੇਸ਼ੀਆ 'ਚ ਤਿਰੰਗਾ ਲਹਿਰਾ ਉਠਿਆ।


Related News