ਅਨੁਰਾਗ ਠਾਕੁਰ ਨੂੰ ਮਿਲੇ ਬਜਰੰਗ-ਸਾਕਸ਼ੀ, ਬ੍ਰਿਜਭੂਸ਼ਣ ਨਾਲ ਜੁੜੇ ਵਿਅਕਤੀ ਨੂੰ WFI ਅਹੁਦਾ ਨਾ ਦੇਣ ਦੀ ਕੀਤੀ ਮੰਗ

Tuesday, Dec 12, 2023 - 11:28 AM (IST)

ਅਨੁਰਾਗ ਠਾਕੁਰ ਨੂੰ ਮਿਲੇ ਬਜਰੰਗ-ਸਾਕਸ਼ੀ, ਬ੍ਰਿਜਭੂਸ਼ਣ ਨਾਲ ਜੁੜੇ ਵਿਅਕਤੀ ਨੂੰ WFI ਅਹੁਦਾ ਨਾ ਦੇਣ ਦੀ ਕੀਤੀ ਮੰਗ

ਨਵੀਂ ਦਿੱਲੀ : ਓਲੰਪਿਕ ਤਮਗਾ ਜੇਤੂ ਬਜਰੰਗ ਪੂਨੀਆ ਅਤੇ ਸਾਕਸ਼ੀ ਮਲਿਕ ਨੇ ਸੋਮਵਾਰ ਨੂੰ ਖੇਡ ਮੰਤਰੀ ਅਨੁਰਾਗ ਠਾਕੁਰ ਨੂੰ ਅਪੀਲ ਕੀਤੀ ਕਿ ਉਹ ਇਹ ਯਕੀਨੀ ਬਣਾਉਣ ਕਿ ਸੰਜੇ ਸਿੰਘ ਭਾਰਤੀ ਕੁਸ਼ਤੀ ਮਹਾਸੰਘ (WFI) ਦੇ ਪ੍ਰਧਾਨ ਦੇ ਅਹੁਦੇ ਲਈ ਚੋਣ ਨਾ ਲੜਨ ਕਿਉਂਕਿ ਉਹ ਸਾਬਕਾ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੇ ਕਰੀਬੀ ਹਨ, ਜਿਨ੍ਹਾਂ ’ਤੇ ਮਹਿਲਾ ਪਹਿਲਵਾਨਾਂ ਦਾ ਜਿਨਸੀ ਸ਼ੋਸ਼ਣ ਕਰਨ ਦਾ ਦੋਸ਼ ਹੈ। 

WFI ਦੀਆਂ ਚੋਣਾਂ 21 ਦਸੰਬਰ ਨੂੰ ਫੈਡਰੇਸ਼ਨ ਦੀ ਜਨਰਲ ਬਾਡੀ ਦੀ ਬੈਠਕ ’ਚ ਹੋਣੀਆਂ ਹਨ, ਜਿੱਥੇ ਨਤੀਜਿਆਂ ਦਾ ਐਲਾਨ ਵੀ ਕੀਤਾ ਜਾਵੇਗਾ। ਬਜਰੰਗ, ਵਿਨੇਸ਼ ਫੋਗਾਟ ਅਤੇ ਸਾਕਸ਼ੀ ਉਨ੍ਹਾਂ ਪਹਿਲਵਾਨਾਂ ਵਿਚ ਸ਼ਾਮਲ ਸਨ ਜਿਨ੍ਹਾਂ ਨੇ ਬ੍ਰਿਜ ਭੂਸ਼ਣ ਵਿਰੁਧ ਪ੍ਰਦਰਸ਼ਨ ਦੀ ਅਗਵਾਈ ਕੀਤੀ ਅਤੇ ਭਾਰਤੀ ਜਨਤਾ ਪਾਰਟੀ ਦੇ ਸੰਸਦ ਮੈਂਬਰ ’ਤੇ ਜੂਨੀਅਰ ਪਹਿਲਵਾਨਾਂ ਸਮੇਤ ਕਈ ਮਹਿਲਾ ਪਹਿਲਵਾਨਾਂ ਦਾ ਜਿਨਸੀ ਸ਼ੋਸ਼ਣ ਕਰਨ ਦਾ ਦੋਸ਼ ਲਾਇਆ। ਦਿੱਲੀ ਦੀ ਇਕ ਅਦਾਲਤ ਇਸ ਮਾਮਲੇ ਦੀ ਸੁਣਵਾਈ ਕਰ ਰਹੀ ਹੈ। 

ਟੋਕੀਓ ਓਲੰਪਿਕ ਦੇ ਕਾਂਸੀ ਤਮਗਾ ਜੇਤੂ ਬਜਰੰਗ ਨੇ ਕਿਹਾ ਕਿ ਸਰਕਾਰ ਨੇ ਭਰੋਸਾ ਦਿਤਾ ਸੀ ਕਿ ਬ੍ਰਿਜ ਭੂਸ਼ਣ ਨਾਲ ਜੁੜਿਆ ਕੋਈ ਵੀ ਵਿਅਕਤੀ ਚੋਣ ਨਹੀਂ ਲੜ ਸਕੇਗਾ, ਜਿਸ ਤੋਂ ਬਾਅਦ ਉਨ੍ਹਾਂ ਨੇ ਅਪਣਾ ਵਿਰੋਧ ਪ੍ਰਦਰਸ਼ਨ ਖਤਮ ਕੀਤਾ ਸੀ। ਬ੍ਰਿਜ ਭੂਸ਼ਣ ਦੇ ਭਰੋਸੇਮੰਦ ਸੰਜੇ ਸਿੰਘ ਅਤੇ 2010 ਰਾਸ਼ਟਰਮੰਡਲ ਖੇਡਾਂ ਦੀ ਸੋਨ ਤਮਗਾ ਜੇਤੂ ਅਨੀਤਾ ਸ਼ਿਓਰਾਨ WFI ਦੇ ਪ੍ਰਧਾਨ ਅਹੁਦੇ ਲਈ ਮੁਕਾਬਲਾ ਕਰ ਰਹੇ ਹਨ। 

ਉਨ੍ਹਾਂ ਕਿਹਾ, ‘‘ਹਾਂ, ਅੱਜ ਅਸੀਂ ਖੇਡ ਮੰਤਰੀ ਨੂੰ ਮਿਲੇ ਅਤੇ ਉਨ੍ਹਾਂ ਨੂੰ ਉਨ੍ਹਾਂ ਦੇ ਵਾਅਦੇ ਦੀ ਯਾਦ ਦਿਵਾਈ ਕਿ ਬ੍ਰਿਜ ਭੂਸ਼ਣ ਨਾਲ ਜੁੜਿਆ ਕੋਈ ਵਿਅਕਤੀ WFI ਚੋਣਾਂ ਨਹੀਂ ਲੜੇਗਾ।’’ ਉਨ੍ਹਾਂ ਕਿਹਾ, ‘‘ਸੰਜੇ ਸਿੰਘ ਉਨ੍ਹਾਂ ਦੇ ਕਰੀਬੀ ਸਹਿਯੋਗੀ ਹਨ ਅਤੇ ਉਨ੍ਹਾਂ ਨੂੰ ਚੋਣਾਂ ਤੋਂ ਹਟ ਜਾਣਾ ਚਾਹੀਦਾ ਹੈ ਨਹੀਂ ਤਾਂ ਅਸੀਂ ਜਲਦੀ ਹੀ ਭਵਿੱਖ ਦੀ ਰਣਨੀਤੀ ਤੈਅ ਕਰਾਂਗੇ। ਅਸੀਂ ਇਹ ਗੱਲ ਮੰਤਰੀ ਨੂੰ ਦੱਸ ਦਿੱਤੀ ਹੈ।’’

ਇਹ ਵੀ ਪੜ੍ਹੋ : ਵਿਦਿਆਰਥੀ ਦੇ ਸਿਰ ਚੜ੍ਹੀ ਧੋਨੀ ਦੀ ਦੀਵਾਨਗੀ, ਗਣਿਤ ਦੇ ਪੇਪਰ 'ਚ ਹਰ ਸਵਾਲ ਦੇ ਸਵਾਬ 'ਚ ਲਿਖਿਆ 'THALA'

ਬ੍ਰਿਜ ਭੂਸ਼ਣ ਦੇ ਕਰੀਬੀ ਸੰਜੇ ਪਿਛਲੀ WFI ਕਾਰਜਕਾਰੀ ਕੌਂਸਲ ਦਾ ਹਿੱਸਾ ਸਨ। ਉਹ 2019 ਤੋਂ ਰਾਸ਼ਟਰੀ ਫੈਡਰੇਸ਼ਨ ਦੇ ਸੰਯੁਕਤ ਸਕੱਤਰ ਵੀ ਸਨ। ਬਜਰੰਗ ਨੇ ਕਿਹਾ ਕਿ ਉਸ ਨੂੰ ਅਨੀਤਾ ਨਾਲ ਕੋਈ ਸਮੱਸਿਆ ਨਹੀਂ ਸੀ ਕਿਉਂਕਿ ਉਹ ਸਾਬਕਾ ਪਹਿਲਵਾਨ ਸੀ ਅਤੇ ਖਿਡਾਰੀਆਂ ਦੀਆਂ ਸਥਿਤੀਆਂ ਨੂੰ ਜਾਣਦੀ ਸੀ। ਉਨ੍ਹਾਂ ਕਿਹਾ, ‘‘ਅਸੀਂ ਚਾਹੁੰਦੇ ਹਾਂ ਕਿ ਕੋਈ ਸਾਬਕਾ ਪਹਿਲਵਾਨ WFI ਦੀ ਕਮਾਨ ਸੰਭਾਲੇ ਜੋ ਘੱਟੋ ਘੱਟ ਜਾਣਦਾ ਹੋਵੇ ਕਿ ਦੇਸ਼ ਲਈ ਤਮਗੇ ਜਿੱਤਣ ਲਈ ਕੀ ਕਰਨਾ ਪੈਂਦਾ ਹੈ। ਅਨੀਤਾ ਰਾਸ਼ਟਰਮੰਡਲ ਖੇਡਾਂ ਦੀ ਤਮਗਾ ਜੇਤੂ ਹੈ ਅਤੇ ਪਹਿਲਵਾਨਾਂ ਦੀਆਂ ਮੰਗਾਂ ਨੂੰ ਸਮਝਦੀ ਹੈ।’’

WFI ਦੀ ਪਹਿਲੀ ਮਹਿਲਾ ਪ੍ਰਧਾਨ ਬਣਨ ਦੀ ਦੌੜ ’ਚ ਸ਼ਾਮਲ ਅਨੀਤਾ ਕਥਿਤ ਤੌਰ ’ਤੇ ਬ੍ਰਿਜ ਭੂਸ਼ਣ ਵਿਰੁੱਧ ਜਿਨਸੀ ਸ਼ੋਸ਼ਣ ਦੇ ਮਾਮਲੇ ’ਚ ਗਵਾਹ ਹੈ। ਬ੍ਰਿਜ ਭੂਸ਼ਣ ਜਿਨਸੀ ਸ਼ੋਸ਼ਣ ਦੇ ਕਈ ਦੋਸ਼ਾਂ ਦਾ ਸਾਹਮਣਾ ਕਰ ਰਿਹਾ ਹੈ ਅਤੇ ਇਸ ਸਮੇਂ ਜ਼ਮਾਨਤ ’ਤੇ ਬਾਹਰ ਹੈ। ਉਹ WFI ਦੀ ਚੋਣ ਨਹੀਂ ਲੜ ਸਕਦੇ ਕਿਉਂਕਿ ਉਹ ਪਹਿਲਾਂ ਹੀ ਅਹੁਦੇਦਾਰ ਵਜੋਂ 12 ਸਾਲ ਪੂਰੇ ਕਰ ਚੁੱਕੇ ਹਨ, ਜੋ ਰਾਸ਼ਟਰੀ ਖੇਡ ਜ਼ਾਬਤੇ ਦੇ ਤਹਿਤ ਵੱਧ ਤੋਂ ਵੱਧ ਕਾਰਜਕਾਲ ਹੈ। 

ਬ੍ਰਿਜ ਭੂਸ਼ਣ ਨੇ ਇਹ ਵੀ ਭਰੋਸਾ ਦਿਤਾ ਹੈ ਕਿ ਉਨ੍ਹਾਂ ਦੇ ਪਰਿਵਾਰ ਦਾ ਕੋਈ ਵੀ ਮੈਂਬਰ ਚੋਣ ਨਹੀਂ ਲੜੇਗਾ। ਉੱਤਰ ਪ੍ਰਦੇਸ਼ ਕੁਸ਼ਤੀ ਸੰਘ ਦੇ ਪ੍ਰਧਾਨ ਬ੍ਰਿਜ ਭੂਸ਼ਣ ਅਤੇ ਉਨ੍ਹਾਂ ਦੇ ਬੇਟੇ ਕਰਨ ਚੋਣ ਨਹੀਂ ਲੜਨਗੇ। ਬਿਹਾਰ ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਅਤੇ ਬ੍ਰਿਜ ਭੂਸ਼ਣ ਦੇ ਜਵਾਈ ਵਿਸ਼ਾਲ ਸਿੰਘ ਵੀ ਚੋਣ ਨਹੀਂ ਲੜ ਰਹੇ ਹਨ। WFI ਦੇ ਇਕ ਸੂਤਰ ਨੇ ਕਿਹਾ ਕਿ ਇਹ ਹੈਰਾਨੀ ਵਾਲੀ ਗੱਲ ਨਹੀਂ ਹੈ ਕਿ ਚੋਣਾਂ ਨੂੰ ਪ੍ਰਭਾਵਿਤ ਕਰਨ ਦੀਆਂ ਕੋਸ਼ਿਸ਼ਾਂ ਅਜੇ ਵੀ ਕੀਤੀਆਂ ਜਾ ਰਹੀਆਂ ਹਨ। 

ਉਨ੍ਹਾਂ ਕਿਹਾ ਕਿ ਤੁਸੀਂ ਖੁਦ ਵੇਖ ਸਕਦੇ ਹੋ ਕਿ ਚੋਣਾਂ ਨੂੰ ਪ੍ਰਭਾਵਿਤ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। WFI ਦੇ ਇਕ ਸਾਬਕਾ ਅਹੁਦੇਦਾਰ ਨੇ ਕਿਹਾ ਕਿ ਸੰਜੇ ਚੋਣ ਲੜਨ ਦੇ ਯੋਗ ਹਨ ਅਤੇ ਇਸ ਲਈ ਰਿਟਰਨਿੰਗ ਅਧਿਕਾਰੀ ਨੇ ਉਨ੍ਹਾਂ ਦੇ ਨਾਂ ਨੂੰ ਚੋਣ ਲੜਨ ਦੀ ਮਨਜ਼ੂਰੀ ਦੇ ਦਿਤੀ ਹੈ। ਕਿਸੇ ਨੂੰ ਉਸ ਦੀ ਨਾਮਜ਼ਦਗੀ ’ਤੇ ਇਤਰਾਜ਼ ਕਿਉਂ ਹੈ?

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Tarsem Singh

Content Editor

Related News