ਬਜਰੰਗ ਅਤੇ ਰਵੀ ਦਬਦਬਾ ਬਣਾ ਕੇ ਏਸ਼ੀਆਈ ਚੈਂਪੀਅਨਸ਼ਿਪ ਦੇ ਫਾਈਨਲ ''ਚ ਪਹੁੰਚੇ
Saturday, Feb 22, 2020 - 03:55 PM (IST)

ਨਵੀਂ ਦਿੱਲੀ— ਬਜਰੰਗ ਪੂਨੀਆ ਦੇ 'ਲੈੱਗ ਡਿਫੈਂਸ' 'ਚ ਸੁਧਾਰ ਦਿਖਾਈ ਦਿੱਤਾ ਜਿਸ ਕਾਰਨ ਉਹ ਇੱਥੇ ਸ਼ਨੀਵਾਰ ਨੂੰ ਏਸ਼ੀਆਈ ਕੁਸ਼ਤੀ ਚੈਂਪੀਅਨਸ਼ਿਪ ਪੁਰਸ਼ ਫ੍ਰੀਸਟਾਈਲ ਮੁਕਾਬਲੇ ਦੇ ਸ਼ੁਰੂਆਤੀ ਦਿਨ ਤਿੰਨ ਹੋਰਨਾਂ ਭਾਰਤੀਆਂ ਦੇ ਨਾਲ ਸੋਨ ਤਮਗੇ ਲਈ ਫਾਈਨਲ 'ਚ ਪਹੁੰਚੇ। ਬਜਰੰਗ ਨੇ ਮਜ਼ਬੂਤ ਪ੍ਰਦਰਸ਼ਨ ਕਰਦੇ ਹੋਏ ਫਾਈਨਲ ਤਕ ਸਿਰਫ ਦੋ ਅੰਕ ਗੁਆਏ ਅਤੇ ਹੁਣ ਉਨ੍ਹਾਂ ਦਾ ਸਾਹਮਣਾ ਜਾਪਾਨ ਦੇ ਤਾਕੁਤੋ ਅੋਟੋਗੁਰੋ ਨਾਲ ਹੋਵੇਗਾ ਜਿਸ ਨਾਲ ਉਹ 2018 ਵਿਸ਼ਵ ਚੈਂਪੀਅਨਸ਼ਿਪ ਦੇ ਫਾਈਨਲ 'ਚ ਵੀ ਭਿੜੇ ਸਨ।
ਬਜਰੰਗ ਨੂੰ ਪਿਛਲੇ ਕੁਝ ਸਮੇਂ ਤੋਂ 'ਲੈੱਗ ਡਿਫੈਂਸ' ਅਤੇ ਵੱਡੀ ਬੜ੍ਹਤ ਗੁਆਉਣ 'ਚ ਸਮੱਸਿਆ ਹੋ ਰਹੀ ਸੀ ਪਰ ਸ਼ਨੀਵਾਰ ਨੂੰ ਉਨ੍ਹਾਂ ਨੂੰ ਇਸ 'ਚ ਕੋਈ ਪਰੇਸ਼ਾਨੀ ਨਹੀਂ ਹੋਈ ਅਤੇ ਉਹ 65 ਕਿਲੋਗ੍ਰਾਮ 'ਚ ਸ਼ੁਰੂ ਤੋਂ ਮਜ਼ਬੂਤ ਬਣੇ ਰਹੇ। ਉਨ੍ਹਾਂ ਨੇ ਆਪਣੇ ਸਾਰੇ ਮੁਕਾਬਲੇ ਤਕਨੀਕੀ ਸ਼੍ਰੇਸ਼ਠਤਾ ਦੇ ਬੂਤੇ ਜਿੱਤੇ ਜਿਸ 'ਚ ਉਨ੍ਹਾਂ ਨੇ ਤਜ਼ਾਕਿਸਤਾਨ ਦੇ ਜਮਸ਼ੇਦ ਸ਼ਾਰੀਫੋਵ, ਉਜ਼ਬੇਕਿਸਤਾਨ ਦੇ ਐਬੋਸਾ ਰਾਖਮੋਨੋਵ ਅਤੇ ਈਰਾਨ ਦੇ ਅਮੀਰਹੁਸੈਨ ਅਜੀਮ ਮਾਗਾਸੌਦੀ ਨੂੰ ਹਰਾਇਆ। ਦੂਜੇ ਪਾਸੇ 57 ਕਿਲੋਗ੍ਰਾਮ 'ਚ ਰਵੀ ਦਾਹੀਆ ਨੇ ਦਮਦਾਰ ਪ੍ਰਦਰਸ਼ਨ ਕਰਦੇ ਹੋਏ ਜਾਪਾਨ ਦੇ ਯੁਕੀ ਤਾਕਾਹੋਸ਼ੀ ਨੂੰ 14-5 ਨਾਲ ਹਰਾਇਆ।