ਬਜਰੰਗ ਅਤੇ ਵਿਨੇਸ਼ ਨੂੰ ਵੀ ਵਰਲਡ ਚੈਂਪੀਅਨਸ਼ਿਪ ਲਈ ਟ੍ਰਾਇਲ ਤੋਂ ਗੁਜ਼ਰਨਾ ਹੋਵੇਗਾ
Tuesday, Jul 16, 2019 - 02:31 PM (IST)

ਸਪੋਰਟਸ ਡੈਸਕ— ਕੌਮਾਂਤਰੀ ਮੁਕਾਬਲਿਆਂ 'ਚ ਦਮਦਾਰ ਪ੍ਰਦਰਸ਼ਨ ਕਰਨ ਵਾਲੇ ਬਜਰੰਗ ਪੂਨੀਆ ਅਤੇ ਵਿਨੇਸ਼ ਫੋਗਾਟ ਨੂੰ ਵੀ ਵਰਲਡ ਚੈਂਪੀਅਨਸ਼ਿਪ ਲਈ ਚੋਣ ਪ੍ਰਕਿਰਿਆ (ਟ੍ਰਾਇਲ) ਤੋਂ ਗੁਜ਼ਰਨਾ ਹੋਵੇਗਾ। ਭਾਰਤੀ ਕੁਸ਼ਤੀ ਮਹਾਸੰਘ (ਡਬਲਿਊ.ਐੱਫ.ਆਈ.) ਨੇ ਕਿਹਾ ਕਿ ਉਹ ਸਾਰੇ ਪਹਿਲਵਾਨਾਂ ਨੂੰ ਟੋਕੀਓ ਓਲੰਪਿਕ ਲਈ ਕੁਆਲੀਫਾਈ ਕਰਨ ਦਾ ਬਰਾਬਰ ਮੌਕਾ ਦੇਣਾ ਚਾਹੁੰਦਾ ਹੈ।
ਡਬਲਿਊ.ਐੱਫ.ਆਈ. 25 ਜੁਲਾਈ ਨੂੰ ਸੋਨੀਪਤ 'ਚ ਪੁਰਸ਼ਾਂ ਅਤੇ 26 ਜੁਲਾਈ ਨੂੰ ਲਖਨਊ 'ਚ ਮਹਿਲਾਵਾਂ ਦੀ ਚੋਣ ਪ੍ਰਕਿਰਿਆ ਦਾ ਆਯੋਜਨ ਕਰੇਗਾ। ਵਿਸ਼ਵ ਚੈਂਪੀਅਨਸ਼ਿਪ ਕਜ਼ਾਖਸਤਾਨ 'ਚ 14 ਤੋਂ 22 ਸਤੰਬਰ ਤੱਕ ਹੋਵੇਗੀ। ਇਹ ਟੂਰਨਾਮੈਂਟ ਓਲੰਪਿਕ ਕੁਆਲੀਫਾਇੰਗ ਪ੍ਰਤੀਯੋਗਿਤਾ ਹੈ।