ਬਜਰੰਗ ਤੇ ਵਿਨੇਸ਼ ਨੇ ਕੁਸ਼ਤੀ ''ਚ ਗੱਡਿਆ ਝੰਡਾ
Wednesday, Dec 26, 2018 - 02:57 AM (IST)

ਜਲੰਧਰ (ਸਪੋਰਟਸ ਡੈਸਕ)- ਭਾਰਤੀ ਕੁਸ਼ਤੀ ਲਈ ਸਾਲ 2018 ਸ਼ਾਨਦਾਰ ਰਿਹਾ। ਇਸ 'ਚ ਬਜਰੰਗ ਪੂਨੀਆ ਅਤੇ ਵਿਨੇਸ਼ ਫੋਗਾਟ ਇਤਿਹਾਸਕ ਤਮਗਿਆਂ ਨਾਲ ਇਸ ਖੇਡ ਦੇ ਨਵੇਂ ਸਿਤਾਰੇ ਬਣ ਕੇ ਉੱਭਰੇ। ਸੁਸ਼ੀਲ ਕੁਮਾਰ ਤੇ ਸਾਕਸ਼ੀ ਮਲਿਕ ਵਰਗੇ ਓਲੰਪਿਕ ਤਮਗਾ ਪਹਿਲਵਾਨ ਲੈਅ ਹਾਸਲ ਕਰਨ ਲਈ ਜੂਝਦੇ ਦਿਸੇ।
ਪਹਿਲਵਾਨਾਂ ਲਈ ਚੰਗੀ ਖਬਰ ਇਹ ਵੀ ਰਹੀ ਕਿ ਸਾਲ ਖਤਮ ਹੋਣ ਤੋਂ ਪਹਿਲਾਂ ਰਾਸ਼ਟਰੀ ਮਹਾਸੰਘ ਲਗਭਗ 150 ਖਿਡਾਰੀਆਂ ਨੂੰ ਕਰਾਰ ਪ੍ਰਣਾਲੀ ਤਹਿਤ ਲੈ ਆਇਆ। ਇਹ ਪਹਿਲੀ ਵਾਰ ਹੈ, ਜਦੋਂ ਭਾਰਤੀ ਪਹਿਲਵਾਨਾਂ ਨੂੰ ਮਹਾਸੰਘ ਤੋਂ ਕੇਂਦਰੀ ਕਰਾਰ ਮਿਲਿਆ ਹੈ। ਬਜਰੰਗ ਅਤੇ ਵਿਨੇਸ਼ ਨੇ ਤਮਗੇ ਜਿੱਤਣ ਦੇ ਨਾਲ ਜਿਸ ਤਰ੍ਹਾਂ ਦਾ ਪ੍ਰਦਰਸ਼ਨ ਕੀਤਾ, ਉਸ ਨਾਲ ਉਨ੍ਹਾਂ ਦਾ ਝੰਡਾ ਪੂਰਾ ਸਾਲ ਲਹਿਰਾਉਂਦਾ ਰਿਹਾ। ਉਨ੍ਹਾਂ ਦੇ ਪ੍ਰਦਰਸ਼ਨ ਨੇ 2 ਸਾਲ ਤੋਂ ਘੱਟ ਸਮੇਂ ਵਿਚ ਟੋਕੀਓ 'ਚ ਹੋਣ ਵਾਲੀਆਂ ਓਲੰਪਿਕ ਖੇਡਾਂ 'ਚ ਕੁਸ਼ਤੀ ਵਿਚ ਭਾਰਤ ਲਈ ਪਹਿਲੇ ਸੋਨ ਤਮਗੇ ਦੀ ਆਸ ਜਗਾ ਦਿੱਤੀ ਹੈ।
ਬਜਰੰਗ ਨੇ ਰਚਿਆ ਇਤਿਹਾਸ
ਬਜਰੰਗ ਨੇ ਰਾਸ਼ਟਰਮੰਡਲ ਖੇਡਾਂ ਤੋਂ ਬਾਅਦ ਏਸ਼ੀਆਈ ਖੇਡਾਂ 'ਚ ਸੋਨ ਤਮਗਾ ਹਾਸਲ ਕੀਤਾ। ਉਹ ਆਪਣੇ ਆਪ 'ਚ ਖਾਸ ਸੀ। ਕੁਸ਼ਤੀ 'ਚ ਏਸ਼ੀਆ ਦਾ ਦਬਦਬਾ ਮੰਨਿਆ ਜਾਂਦਾ ਹੈ। ਇਸ ਤਰ੍ਹਾਂ ਏਸ਼ੀਆਈ ਪਹਿਲਵਾਨਾਂ ਨੂੰ ਹਰਾ ਕੇ ਖਿਤਾਬ ਜਿੱਤਣਾ ਵੱਡੀ ਉਪਲੱਬਧੀ ਹੈ।
{ਕਿ. ਗ੍ਰਾ. ਭਾਰ ਵਰਗ 'ਚ ਬਜਰੰਗ ਪੂਨੀਆ ਨੇ ਏਸ਼ੀਆਈ ਤੇ ਕਾਮਨਵੈਲਥ ਗੇਮਜ਼ 'ਚ ਝੰਡਾ ਲਹਿਰਾਇਆ
ਬਜਰੰਗ ਨੇ ਵਿਸ਼ਵ ਟੂਰਨਾਮੈਂਟ 'ਚ ਚਾਂਦੀ ਤਮਗਾ ਹਾਸਲ ਕਰ ਕੇ ਸਾਲ ਦੇ ਸਾਰੇ ਵੱਡੇ ਟੂਰਨਾਮੈਂਟਾਂ ਵਿਚ ਤਮਗਾ ਜਿੱਤਣ ਦਾ ਕਾਰਨਾਮਾ ਕੀਤਾ। ਫਾਈਨਲ 'ਚ ਉਸ ਦੀ ਹਾਰ ਨੇ ਕਮਜ਼ੋਰ ਡਿਫੈਂਸ ਨੂੰ ਉਜਾਗਰ ਕੀਤਾ। ਜਾਪਾਨ ਦੇ ਤਾਕੁਤੋ ਓਤੋਗੁਰੋ ਨੇ ਲਗਾਤਾਰ ਉਸ ਦੇ ਸੱਜੇ ਪੈਰ 'ਤੇ ਹਮਲਾ ਕੀਤਾ, ਜਿਸ ਦਾ ਬਜਰੰਗ ਕੋਲ ਕੋਈ ਜਵਾਬ ਨਹੀਂ ਸੀ।
ਪੂਜਾ ਢਾਂਡਾ ਨੇ ਬਣਾਈ ਪਛਾਣ : ਇਹ ਸਾਲ ਜਿਥੇ ਫੋਗਾਟ ਭੈਣਾਂ ਯਾਨੀ ਰਿਤੂ, ਸੰਗੀਤਾ, ਬਬੀਤਾ ਅਤੇ ਗੀਤਾ ਲਈ ਕੁਝ ਖਾਸ ਨਹੀਂ ਰਿਹਾ, ਉਥੇ ਹੀ ਇਕ ਨਵੀਂ ਪਹਿਲਵਾਨ ਪੂਜਾ ਢਾਂਡਾ ਨੇ ਇਸ ਦੌਰਾਨ ਆਪਣੀ ਪਛਾਣ ਬਣਾਈ। ਰਾਸ਼ਟਰਮੰਡਲ ਖੇਡਾਂ ਵਿਚ ਸੋਨ ਤਮਗਾ ਜਿੱਤਣ ਵਾਲੀ ਇਸ ਖਿਡਾਰਨ ਨੇ ਵਿਸ਼ਵ ਚੈਂਪੀਅਨਸ਼ਿਪ ਵਿਚ ਕਾਂਸੀ ਤਮਗਾ ਹਾਸਲ ਕੀਤਾ।
ਇਸ ਤਰ੍ਹਾਂ ਕਰਨ ਵਾਲੀ ਉਹ ਚੌਥੀ ਭਾਰਤੀ ਖਿਡਾਰਨ ਬਣੀ। ਉਸ ਤੋਂ ਪਹਿਲਾਂ ਅਲਕਾ ਤੋਮਰ, ਗੀਤਾ ਅਤੇ ਬਬੀਤਾ ਨੇ ਵਿਸ਼ਵ ਚੈਂਪੀਅਨਸ਼ਿਪ ਵਿਚ ਤਮਗਾ ਹਾਸਲ ਕੀਤਾ ਸੀ। ਪੂਜਾ ਕਾਮਨਵੈਲਥ ਗੇਮਜ਼ ਦੇ ਟ੍ਰਾਇਲ ਵਿਚ ਗੀਤਾ ਫੋਗਾਟ ਨੂੰ ਹਰਾ ਕੇ ਚਰਚਾ 'ਚ ਆਈ ਸੀ।
ਏਸ਼ੀਅਨ ਗੇਮਜ਼ 'ਚ ਲੰਮੇ ਸਮੇਂ ਬਾਅਦ ਗ੍ਰੀਕੋ ਰੋਮਨ ਕੁਸ਼ਤੀ ਮੁਕਾਬਲੇ ਵਿਚ ਭਾਰਤ ਲਈ ਮਰਦ ਵਰਗ ਤੋਂ 6 ਨਵੇਂ ਚਿਹਰੇ ਉਤਰੇ। ਇਨ੍ਹਾਂ ਵਿਚ ਸਿਰਫ 87 ਕਿ. ਗ੍ਰਾ. ਵਰਗ ਵਿਚ ਹਰਪ੍ਰੀਤ ਸਿੰਘ ਹੀ ਪਹਿਲੇ 2 ਮੁਕਾਬਲੇ ਜਿੱਤ ਸਕਿਆ। ਉਹ ਸੈਮੀਫਾਈਨਲ ਵਿਚ ਉਜ਼ਬੇਕਿਸਤਾਨ ਦੇ ਰੁਸਤਮ ਨੂੰ ਹਰਾ ਨਹੀਂ ਸਕਿਆ। ਉਥੇ ਹੀ ਫ੍ਰੀ ਸਟਾਈਲ 'ਚ ਮੌਸਮ ਖੱਤਰੀ (97 ਕਿ. ਗ੍ਰਾ.), ਸੁਮਿਤ ਮਲਿਕ (125 ਕਿ. ਗ੍ਰਾ.) ਭਾਰ ਵਰਗ 'ਚ ਕੁਝ ਖਾਸ ਕਮਾਲ ਨਹੀਂ ਦਿਖਾ ਸਕੇ।
ਇਨ੍ਹਾਂ ਲਈ ਨਿਰਾਸ਼ਾਜਨਕ ਰਿਹਾ ਸਾਲ
ਕੁਸ਼ਤੀ 'ਚ ਇਸ ਸਾਲ ਦਾ ਸਭ ਤੋਂ ਨਿਰਾਸ਼ਾਜਨਕ ਪਲ 2 ਵਾਰ ਓਲੰਪਿਕ 'ਚ ਤਮਗਾ ਲਿਆ ਚੁੱਕੇ ਸੁਸ਼ੀਲ ਕੁਮਾਰ ਦਾ ਏਸ਼ੀਆਈ ਗੇਮਜ਼ ਦੇ ਪਹਿਲੇ ਹੀ ਦੌਰ 'ਚੋਂ ਬਾਹਰ ਹੋਣਾ ਰਿਹਾ।
ਸੁਸ਼ੀਲ ਕੁਮਾਰ : ਏਸ਼ੀਆਈ ਖੇਡਾਂ ਦੇ ਪਹਿਲੇ ਹੀ ਦੌਰ 'ਚ ਹਾਰ ਕੇ ਬਾਹਰ ਹੋਇਆ ਪਰ ਉਹ ਇਸ ਗੱਲ ਨੂੰ ਮੰਨਣ ਲਈ ਤਿਆਰ ਨਹੀਂ ਹੈ ਕਿ ਉਸ ਦੇ ਦਮ ਵਿਚ ਕਮੀ ਆਈ ਹੈ। ਉਹ ਟੋਕੀਓ ਓਲੰਪਿਕ ਵਿਚ ਇਕ ਵਾਰ ਫਿਰ ਆਪਣੀ ਕਿਸਮਤ ਅਜ਼ਮਾਉਣਾ ਚਾਹੁੰਦਾ ਹੈ। ਹਾਲਾਂਕਿ ਇਸ ਤੋਂ ਪਹਿਲਾਂ ਨਵੀਂ ਦਿੱਲੀ ਵਿਚ ਹੋਈਆਂ ਕਾਮਨਵੈਲਥ ਗੇਮਜ਼ ਵਿਚ ਉਸ ਨੇ 74 ਕਿ. ਗ੍ਰਾ. ਭਾਰ ਵਰਗ ਵਿਚ ਗੋਲਡ ਜਿੱਤਿਆ ਸੀ। ਏਸ਼ੀਆਈ ਖੇਡਾਂ ਦੀ ਅਸਫਲਤਾ ਨੇ ਉਸ ਦਾ ਗ੍ਰਾਫ ਕਾਫੀ ਹੇਠਾਂ ਸੁੱਟ ਦਿੱਤਾ। ਗੌਂਡਾ ਵਿਚ ਹੋਈ ਰਾਸ਼ਟਰੀ ਚੈਂਪੀਅਨਸ਼ਿਪ ਵਿਚ ਵੀ ਉਸ ਦੇ ਸਾਹਮਣੇ ਕਮਜ਼ੋਰ ਵਿਰੋਧੀ ਹੀ ਸਨ।
ਸਾਕਸ਼ੀ ਮਲਿਕ : ਇਸ ਮਹਿਲਾ ਪਹਿਲਵਾਨ ਲਈ ਇਹ ਸਾਲ ਨਿਰਾਸ਼ਾਜਨਕ ਰਿਹਾ। ਸਾਕਸ਼ੀ ਨੇ ਰਾਸ਼ਟਰਮੰਡਲ ਖੇਡਾਂ ਵਿਚ ਸੋਨ ਤਮਗਾ ਜ਼ਰੂਰ ਜਿੱਤਿਆ ਪਰ ਉਥੇ ਉਸ ਨੂੰ ਟੱਕਰ ਦੇਣ ਵਾਲਾ ਕੋਈ ਵੀ ਦਮਦਾਰ ਖਿਡਾਰੀ ਨਹੀਂ ਸੀ। ਉਹ ਏਸ਼ੀਆਈ ਖੇਡਾਂ ਵਿਚ ਵੀ ਪ੍ਰਭਾਵ ਛੱਡਣ 'ਚ ਨਾਕਾਮ ਰਹੀ।
ਵਿਨੇਸ਼ ਫੋਗਾਟ : ਸੱਟ ਕਾਰਨ ਵਿਸ਼ਵ ਚੈਂਪੀਅਨਸ਼ਿਪ 'ਚੋਂ ਬਾਹਰ ਰਹੀ ਜਕਾਰਤਾ 'ਚ ਹੋਈਆਂ ਏਸ਼ੀਆਈ ਖੇਡਾਂ 'ਚ ਗੋਲਡ ਲਿਆਈ। ਇਸ ਤੋਂ ਇਲਾਵਾ ਰਾਸ਼ਟਰਮੰਡਲ ਖੇਡਾਂ ਵਿਚ ਗੋਲਡ ਜਿੱਤਣ ਵਾਲੀ ਉਹ ਪਹਿਲੀ ਭਾਰਤੀ ਮਹਿਲਾ ਪਹਿਲਵਾਨ ਵੀ ਬਣੀ।
12 ਤਮਗੇ ਸਭ ਤੋਂ ਜ਼ਿਆਦਾ ਕਾਮਨਵੈਲਥ ਗੇਮਜ਼ 'ਚ ਭਾਰਤੀ ਪਹਿਲਵਾਨਾਂ ਨੇ ਜਿੱਤੇ। 10 ਤਮਗਿਆਂ ਨਾਲ ਕੈਨੇਡਾ ਦੂਸਰੇ ਸਥਾਨ 'ਤੇ ਰਿਹਾ।ਉਪਲੱਬਧੀਆਂ : ਭਾਰਤੀ ਕੁਸ਼ਤੀ ਮਹਾਸੰਘ (ਡਬਲਯੂ. ਐੱਫ. ਆਈ.) ਨੇ ਟਾਟਾ ਮੋਟਰਸ ਨਾਲ ਕਰਾਰ ਕੀਤਾ। ਇਸ ਦਾ ਫਾਇਦਾ 150 ਪਹਿਲਵਾਨਾਂ ਨੂੰ ਮਿਲੇਗਾ। ਇਸ 'ਚ ਏ-ਗ੍ਰੇਡ ਦੇ ਖਿਡਾਰੀਆਂ ਨੂੰ 30 ਲੱਖ ਰੁਪਏ ਦਿੱਤੇ ਜਾਣਗੇ। ਇਸ ਗ੍ਰੇਡ 'ਚ ਪਹਿਲਾਂ ਬਜਰੰਗ, ਵਿਨੇਸ਼ ਅਤੇ ਪੂਜਾ ਦਾ ਨਾਂ ਸੀ ਪਰ ਬਾਅਦ ਵਿਚ ਮਹਾਸੰਘ ਨੇ ਸੁਸ਼ੀਲ ਤੇ ਸਾਕਸ਼ੀ ਦਾ ਨਾਂ ਇਸ 'ਚ ਜੋੜਿਆ।
ਯੋਜਨਾਵਾਂ : ਡਬਲਯੂ. ਐੱਫ. ਆਈ. ਪਹਿਲੀ ਵਾਰ ਇਸ ਖੇਡ ਵਿਚ ਦਬਦਬਾ ਰੱਖਣ ਵਾਲੇ ਈਰਾਨ ਦੇ ਕੋਚ ਦੀਆਂ ਸੇਵਾਵਾਂ ਲੈਣ 'ਚ ਸਫਲ ਰਿਹਾ। ਈਰਾਨ ਦੇ ਹੋਸੈਨ ਕਰੀਮੀ, ਅਮਰੀਕਾ ਦੇ ਐਂਡ੍ਰਿਊ ਕੁੱਕ ਅਤੇ ਜਾਰਜੀਆ ਦੇ ਤੇਮੋ ਕਾਤਾਰਾਸ਼ਿਵਿਲੀ ਨਾਲ ਡਬਲਯੂ. ਐੱਫ. ਆਈ. ਨੇ ਇਕ ਸਾਲ ਦਾ ਕਰਾਰ ਕੀਤਾ ਹੈ।