ਟੁੱਟੀ-ਭੱਜੀ ਅੰਗਰੇਜ਼ੀ ਬੋਲਣ ’ਤੇ ਟ੍ਰੋਲ ਹੋਏ ਬਾਬਰ ਆਜ਼ਮ, ਪ੍ਰਸ਼ੰਸਕ ਬੋਲੇ-ਇਸ ਤੋਂ ਵਧੀਆ ਤਾਂ ਸਰਫਰਾਜ਼ ਦੀ ਸੀ
Sunday, Aug 21, 2022 - 03:48 PM (IST)
ਸਪੋਰਟਸ ਡੈਸਕ : ਪਾਕਿਸਤਾਨੀ ਕ੍ਰਿਕਟਰ ਮੈਦਾਨ ’ਤੇ ਆਪਣੇ ਪ੍ਰਦਰਸ਼ਨ, ਹਰਕਤ ਅਤੇ ਅੰਗਰੇਜ਼ੀ ਕਾਰਨ ਹਮੇਸ਼ਾ ਸੁਰਖੀਆਂ ’ਚ ਰਹਿੰਦੇ ਹਨ। ਹੁਣ ਪਾਕਿਸਤਾਨ ਕ੍ਰਿਕਟ ਟੀਮ ਦੇ ਮੌਜੂਦਾ ਕਪਤਾਨ ਬਾਬਰ ਆਜ਼ਮ ਵੀ ਇਸੇ ਵਜ੍ਹਾ ਕਾਰਨ ਨਜ਼ਰਾਂ ’ਚ ਆ ਗਏ ਹਨ। ਪਾਕਿਸਤਾਨ ਟੀਮ ਹੁਣ ਨੀਦਰਲੈਂਡ ’ਚ ਵਨ ਡੇ ਸੀਰੀਜ਼ ਖੇਡਣ ਗਈ ਹੈ। ਉੱਥੇ ਬਾਬਰ ਆਜ਼ਮ ਦਾ ਅੰਗਰੇਜ਼ੀ ’ਚ ਗੱਲ ਕਰਨ ਦਾ ਵੀਡੀਓ ਸਾਹਮਣੇ ਆਇਆ ਹੈ, ਜਿਸ ਨੂੰ ਦੇਖ ਕੇ ਪ੍ਰਸ਼ੰਸਕ ਉਨ੍ਹਾਂ ਨੂੰ ਖੂਬ ਟ੍ਰੋਲ ਕਰ ਰਹੇ ਹਨ। ਪ੍ਰਸ਼ੰਸਕਾਂ ਦਾ ਕਹਿਣਾ ਹੈ ਕਿ ਜਿਸ ਤਰ੍ਹਾਂ ਬਾਬਰ ਅੰਗਰੇਜ਼ੀ ਬੋਲਦੇ ਹਨ, ਉਸ ਤੋਂ ਚੰਗੀ ਤਾਂ ਸਰਫਰਾਜ਼ ਅਹਿਮਦ ਹੀ ਬੋਲ ਲੈਂਦੇ।
ਇੰਨਾ ਹੀ ਨਹੀਂ, ਕ੍ਰਿਕਟ ਪ੍ਰਸ਼ੰਸਕਾਂ ਨੇ ਬਾਬਰ ਦੀ ਉਪਰੋਕਤ ਵੀਡੀਓ ਨੂੰ ਮੀਮਜ਼ ਸਮੱਗਰੀ ਦੇ ਤੌਰ ’ਤੇ ਵਰਤਿਆ, ਜੋ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਈ। ਦੇਖੋ ਵੀਡੀਓ-
Even Sarfaraz used to speak better english than Babar Azam😂 pic.twitter.com/mvK4S701J3
— Vaibhav Ingale (@itzvri45) August 18, 2022
ਮਾਮਲਾ ਉਦੋਂ ਦਾ ਹੈ, ਜਦੋਂ ਨੀਦਰਲੈਂਡ ਖ਼ਿਲਾਫ਼ ਦੂਜੇ ਵਨ ਡੇ ਤੋਂ ਬਾਅਦ ਬਾਬਰ ਨਾਲ ਟੀਮ ਦੀ ਰਣਨੀਤੀ ’ਤੇ ਗੱਲ ਕੀਤੀ ਗਈ ਸੀ। ਬਾਬਰ ਵਾਰ-ਵਾਰ ਅੰਗਰੇਜ਼ੀ ਬੋਲਦੇ ਰੁਕ ਰਹੇ ਸਨ। ਉਥੇ ਹੀ, ਨੀਦਰਲੈਂਡ ਖ਼ਿਲਾਫ਼ ਖੇਡੀ ਜਾ ਰਹੀ ਵਨ ਡੇ ਸੀਰੀਜ਼ ਦੀ ਗੱਲ ਕੀਤੀ ਜਾਵੇ ਤਾਂ ਪਾਕਿਸਤਾਨ ਪਹਿਲੇ ਦੋ ਮੈਚ ਜਿੱਤ ਕੇ ਅਜੇਤੂ ਬੜ੍ਹਤ ਬਣਾ ਚੁੱਕਾ ਹੈ। ਪਾਕਿਸਤਾਨ ਨੇ ਪਹਿਲੇ ਵਨਡੇ ’ਚ ਫਖਰ ਜਮਾਲ ਦੀਆਂ 109 ਅਤੇ ਬਾਬਰ ਆਜ਼ਮ ਦੀਆਂ 74 ਦੌੜਾਂ ਦੀ ਬਦੌਲਤ 314 ਦੌੜਾਂ ਬਣਾਈਆਂ ਸਨ। ਜਵਾਬ ’ਚ ਨੀਦਰਲੈਂਡ ਦੀ ਟੀਮ 298 ਦੌੜਾਂ ’ਤੇ ਆਊਟ ਹੋ ਗਈ। ਹਾਲਾਂਕਿ ਨੀਦਰਲੈਂਡ ਨੇ ਪਾਕਿਸਤਾਨ ਨੂੰ ਸਖ਼ਤ ਟੱਕਰ ਦਿੱਤੀ ਪਰ ਪਾਕਿਸਤਾਨ ਵੱਡਾ ਟੀਚਾ ਹੋਣ ਕਾਰਨ ਮੈਚ ਜਿੱਤਣ ’ਚ ਕਾਮਯਾਬ ਰਿਹਾ।
ਦੂਜੇ ਵਨ ਡੇ ’ਚ ਨੀਦਰਲੈਂਡ ਦੀ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਸਿਰਫ 186 ਦੌੜਾਂ ਬਣਾਈਆਂ। ਬੇਸ ਡੀ ਲੀਡੇ ਨੇ 120 ਗੇਂਦਾਂ ’ਤੇ 86 ਤਾਂ ਟਾਮ ਕੂਪਰ ਨੇ 66 ਦੌੜਾਂ ਬਣਾਈਆਂ ਪਰ ਪਾਕਿਸਤਾਨ ਦੇ ਹੈਰਿਸ ਰੌਫ ਅਤੇ ਨਵਾਜ਼ ਨੇ 3-3 ਵਿਕਟਾਂ ਲੈ ਕੇ ਨੀਦਰਲੈਂਡ ਨੂੰ ਵੱਡੇ ਸਕੋਰ ਤੱਕ ਜਾਣ ਤੋਂ ਰੋਕ ਦਿੱਤਾ। ਜਵਾਬ ’ਚ ਪਾਕਿਸਤਾਨ ਨੇ ਬਾਬਰ ਆਜ਼ਮ, ਮੁਹੰਮਦ ਰਿਜ਼ਵਾਨ ਅਤੇ ਆਗਾ ਸਲਮਾਨ ਦੇ ਅਰਧ ਸੈਂਕੜਿਆਂ ਦੀ ਬਦੌਲਤ ਸੱਤ ਵਿਕਟਾਂ ਨਾਲ ਮੈਚ ਜਿੱਤ ਲਿਆ।