ਜ਼ਖਮੀ ਗ੍ਰੀਨ ਦੀ ਮਦਦ ਨੂੰ ਦੌੜੇ ਸਿਰਾਜ ਦੀ ਆਸਟਰੇਲੀਆਈ ਮੀਡੀਆ ਨੇ ਕੀਤੀ ਪ੍ਰਸ਼ੰਸਾ
Sunday, Dec 13, 2020 - 02:38 AM (IST)
ਸਿਡਨੀ – ਭਾਰਤੀ ਤੇਜ਼ ਗੇਂਦਬਾਜ਼ ਮੁਹੰਮਦ ਸਿਰਾਜ ਇੱਥੇ ਚੱਲ ਰਹੇ ਅਭਿਆਸ ਮੈਚ ਦੇ ਸ਼ੁਰੂਆਤੀ ਦਿਨ ਵਿਰੋਧੀ ਟੀਮ ਦੇ ਕੈਮਰਨ ਗ੍ਰੀਨ ਦੇ ਸਿਰ ਵਿਚ ਗੇਂਦ ਲੱਗਣ ਦੇ ਤੁਰੰਤ ਬਾਅਦ ਭੱਜ ਕੇ ਉਸ ਨੂੰ ਦੇਖਣ ਚਲਾ ਗਿਆ ਸੀ, ਜਿਸਦੀ ਆਸਟਰੇਲੀਅਈ ਮੀਡੀਆ ਵਿਚ ਕਾਫੀ ਪ੍ਰਸ਼ੰਸਾ ਕੀਤੀ ਜਾ ਰਹੀ ਹੈ।
ਗ੍ਰੀਨ ਗੇਂਦਬਾਜ਼ੀ ਕਰ ਰਿਹਾ ਸੀ ਤੇ ਜਸਪ੍ਰੀਤ ਬੁਮਰਾਹ ਨੇ ਉਸਦੀ ਗੇਂਦ 'ਤੇ ਸਟ੍ਰੇਟ ਡਰਾਈਵ ਸ਼ਾਟ ਲਾਈ, ਜਿਸ ਨੂੰ ਕੈਚ ਕਰਨ ਦੀ ਕੋਸ਼ਿਸ਼ ਵਿਚ ਗੇਂਦ ਉਸਦੇ ਹੱਥੋਂ ਨਿਕਲ ਕੇ ਉਸਦੇ ਸਿਰ ਵਿਚ ਲੱਗ ਗਈ। ਸਿਰਾਜ ਨੇ ਤੁਰੰਤ ਆਪਣਾ ਬੱਲਾ ਛੱਡਿਆ ਤੇ ਗ੍ਰੀਨ ਨੂੰ ਦੇਖਣ ਭੱਜ ਗਿਆ। ਬੁਮਰਾਹ ਨੇ ਵੀ ਆਪਣੇ ਸਾਥੀ ਦੀ ਤਰ੍ਹਾਂ ਅਜਿਹਾ ਹੀ ਕੀਤਾ।
9ਨਿਊਜ਼ ਆਸਟਰੇਲੀਆ ਨੇ ਟਵੀਟ ਕੀਤਾ, ''ਭਾਰਤੀ ਕ੍ਰਿਕਟਰ ਮੁਹੰਮਦ ਸਿਰਾਜ ਦੀ ਮੈਚ ਦੌਰਾਨ ਨੌਜਵਾਨ ਆਲਰਾਊਂਡਰ ਕੈਮਰਨ ਗ੍ਰੀਨ ਦੀ ਮਦਦ ਕਰਕੇ ਖੇਡ ਭਾਵਨਾ ਦਿਖਾਉਣ ਲਈ ਪ੍ਰਸ਼ੰਸਾ ਕੀਤੀ ਜਾ ਰਹੀ ਹੈ, ਜਿਸ ਦੇ ਸਿਰ 'ਤੇ ਗੇਂਦ ਲੱਗ ਗਈ ਸੀ।''
ਏ. ਬੀ. ਸੀ. ਡਾਟ ਨੈੱਟ ਡਾਟ ਏ. ਯੂ. ਨੇ ਕਿਹਾ,''ਨਾਨ ਸਟ੍ਰਾਈਕਰ ਪਾਸੇ 'ਤੇ ਖੜ੍ਹੇ ਮੁਹੰਮਦ ਸਿਰਾਜ ਤੇ ਅੰਪਾਇਰ ਗੇਰਾਰਡ ਅਬੂਦ ਸਟਾਰ ਆਲਰਾਊਂਡਰ ਨੂੰ ਦੇਖਣ ਪਹੁੰਚੇ ਤੇ ਗ੍ਰੀਨ ਨੇ ਵੀ ਬੁਮਰਾਹ ਦੇ ਪੈਰ 'ਤੇ ਥਪਥਪਾ ਕੇ ਭਰੋਸਾ ਦਿੱਤਾ ਕਿ ਉਹ ਠੀਕ ਹੈ।''
ਕ੍ਰਿਕਟ ਡਾਟ ਕਾਮ ਡਾਟ ਏ. ਯੂ. ਨੇ ਲਿਖਿਆ, ''ਨਾਨ ਸਟ੍ਰਾਈਕਰ ਪਾਸੇ 'ਤੇ ਖੜ੍ਹੇ ਮੁਹੰਮਦ ਸਿਰਾਜ ਨੇ ਆਪਣਾ ਬੱਲਾ ਛੱਡਿਆ ਤੇ ਤੁਰੰਤ ਹੀ ਜ਼ਖ਼ਮੀ ਗੇਂਦਬਾਜ਼ ਨੂੰ ਦੇਖਣ ਭੱਜਿਆ।''
ਸਿਰਾਜ ਦੀ ਇਸ ਪ੍ਰਤੀਕਿਰਿਆ ਦੀ ਸੋਸ਼ਲ ਮੀਡੀਆ 'ਤੇ ਵੀ ਕਾਫੀ ਪ੍ਰਸ਼ੰਸਾ ਕੀਤੀ ਜਾ ਰਹੀ ਹੈ ਤੇ ਉਸਦੀਆਂ ਤਾਰੀਫਾਂ ਦੇ ਪੁਲ ਬੱਝ ਰਹੇ ਹਨ।
ਟਵਿਟਰ ਇਸਤੇਮਾਲ ਕਰਨ ਵਾਲੇ ਇਕ ਯੂਜਰ ਨੇ ਲਿਖਿਆ, ''ਮੁਹੰਮਦ ਸਿਰਾਜ ਨੇ ਸ਼ਾਨਦਾਰ ਕੰਮ ਕੀਤਾ, ਉਸ ਨੇ ਦੌੜ ਦੀ ਚਿੰਤਾ ਨਹੀਂ ਕੀਤੀ ਤੇ ਬੱਲਾ ਛੱਡ ਕੇ ਤੁਰੰਤ ਭੱਜ ਕੇ ਗ੍ਰੀਨ ਨੂੰ ਦੇਖਿਆ। ਉਸ ਨੇ ਸਰਵਸ੍ਰੇਸ਼ਠ ਖੇਡ ਭਾਵਨਾ ਦਿਖਾਈ।''
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।