WI v AUS : ਵਿੰਡੀਜ਼ ਨੂੰ 6 ਵਿਕਟਾਂ ਨਾਲ ਹਰਾਇਆ, ਆਸਟਰੇਲੀਆ ਨੇ 2-1 ਨਾਲ ਜਿੱਤੀ ਸੀਰੀਜ਼

Tuesday, Jul 27, 2021 - 08:14 PM (IST)

WI v AUS : ਵਿੰਡੀਜ਼ ਨੂੰ 6 ਵਿਕਟਾਂ ਨਾਲ ਹਰਾਇਆ, ਆਸਟਰੇਲੀਆ ਨੇ 2-1 ਨਾਲ ਜਿੱਤੀ ਸੀਰੀਜ਼

ਬਾਰਬਾਡੋਸ- ਮੈਥਿਊ ਵੇਡ ਨੇ ਆਪਣੇ ਕਰੀਅਰ ਦਾ 11ਵਾਂ ਅਰਧ ਸੈਂਕੜਾ ਲਗਾਇਆ, ਜਿਸ ਨਾਲ ਆਸਟਰੇਲੀਆ ਨੇ ਤੀਜੇ ਅਤੇ ਆਖਰੀ ਵਨ ਡੇ ਅੰਤਰਰਾਸ਼ਟਰੀ ਕ੍ਰਿਕਟ ਮੈਚ ਵਿਚ ਵੈਸਟਇੰਡੀਜ਼ ਨੂੰ 6 ਵਿਕਟਾਂ ਨਾਲ ਹਰਾ ਕੇ ਤਿੰਨ ਮੈਚਾਂ ਦੀ ਸੀਰੀਜ਼ 2-1 ਨਾਲ ਜਿੱਤੀ। ਵੈਸਟਇੰਡੀਜ਼ ਦੀ ਟੀਮ 45.1 ਓਵਰਾਂ ਵਿਚ 152 ਦੌੜਾਂ 'ਤੇ ਢੇਰ ਹੋ ਗਈ ਸੀ। ਆਸਟਰੇਲੀਆ ਨੇ ਵੇਡ ਦੇ 52 ਗੇਂਦਾਂ 'ਤੇ ਅਜੇਤੂ 51 ਦੌੜਾਂ ਨਾਲ 31ਵੇਂ ਓਵਰ ਵਿਚ ਚਾਰ ਵਿਕਟਾਂ 'ਤੇ 153 ਦੌੜਾਂ ਬਣਾ ਕੇ ਜਿੱਤ ਦਰਜ ਕੀਤੀ।


ਵਿਕਟਕੀਪਰ ਅਲੇਕਸ ਕੈਰੀ ਨੇ 35 ਅਤੇ ਮਿਸ਼ੇਲ ਮਾਰਸ਼ ਨੇ 29 ਦੌੜਾਂ ਦਾ ਯੋਗਦਾਨ ਦਿੱਤਾ। ਆਸਟਰੇਲੀਆ ਨੇ ਪਹਿਲਾ ਵਨ ਡੇ 133 ਦੌੜਾਂ ਨਾਲ ਜਿੱਤਿਆ ਸੀ ਪਰ ਵੈਸਟਇੰਡੀਜ਼ ਨੇ ਦੂਜੇ ਮੈਚ ਵਿਚ ਚਾਰ ਵਿਕਟਾਂ ਨਾਲ ਜਿੱਤ ਦਰਜ ਕਰਕੇ ਵਾਪਸੀ ਕੀਤੀ ਸੀ। ਵੈਸਟਇੰਡੀਜ਼ ਦੇ ਕਪਤਾਨ ਕੀਰੋਨ ਪੋਲਾਰਡ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਪਰ ਮਿਸ਼ੇਲ ਸਟਾਰਕ (43 ਦੌੜਾਂ 'ਤੇ 3 ਵਿਕਟਾਂ) ਦੀ ਅਗਵਾਈ ਵਿਚ ਆਸਟਰੇਲੀਆ ਦੀ ਸ਼ਾਨਦਾਰ ਗੇਂਦਬਾਜ਼ੀ ਦੇ ਸਾਹਮਣੇ ਉਸਦੇ ਬੱਲੇਬਾਜ਼ ਟਿਕ ਕੇ ਨਹੀਂ ਖੇਡ ਸਕੇ।

PunjabKesari


ਐਸਟਨ ਐਗਰ ਅਤੇ ਐਡਮ ਜੰਪਾ ਨੇ 2-2 ਵਿਕਟਾਂ ਹਾਸਲ ਕੀਤੀਆਂ। ਐਗਰ ਨੇ ਬਾਅਦ ਵਿਚ 19 ਦੌੜਾਂ ਵੀ ਬਣਾਈਆਂ ਅਤੇ ਉਨ੍ਹਾਂ ਨੂੰ 'ਮੈਨ ਆਫ ਦਿ ਮੈਚ' ਚੁਣਿਆ ਗਿਆ। ਸਲਾਮੀ ਬੱਲੇਬਾਜ਼ ਈਵਨ ਲੁਈਸ ਨੇ ਵੈਸਟਇੰਡੀਜ਼ ਵਲੋਂ 66 ਗੇਂਦਾਂ 'ਤੇ 55 ਦੌੜਾਂ ਬਣਾਈਆਂ ਪਰ ਕੋਈ ਵੀ ਹੋਰ ਬੱਲੇਬਾਜ਼ ਉਸਦਾ ਸਾਥ ਨਹੀਂ ਦੇ ਸਕਿਆ।

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News