ਆਸਟ੍ਰੇਲੀਆ ਅੰਡਰ-19 ਵਿਸ਼ਵ ਕੱਪ ਦੇ ਫਾਈਨਲ ’ਚ, ਹੁਣ ਭਾਰਤ ਨਾਲ ਹੋਵੇਗਾ ਮੁਕਾਬਲਾ
Friday, Feb 09, 2024 - 10:50 AM (IST)
ਬੇਨੋਨੀ (ਦੱਖਣੀ ਅਫਰੀਕਾ)- ਟਾਮ ਸਟ੍ਰੇਕਰ ਦੀਆਂ 6 ਵਿਕਟਾਂ ਅਤੇ ਹੈਰੀ ਡਿਕਸਨ ਦੇ ਅਰਧ-ਸੈਂਕੜੇ ਦੇ ਦਮ ’ਤੇ ਆਸਟ੍ਰੇਲੀਆ ਨੇ ਵੀਰਵਾਰ ਨੂੰ ਇਥੇ ਦੂਸਰੇ ਸੈਮੀਫਾਈਨਲ ’ਚ ਪਾਕਿਸਤਾਨ ’ਤੇ 1 ਵਿਕਟ ਦੀ ਰੋਮਾਂਚਕ ਜਿੱਤ ਹਾਸਲ ਕਰ ਕੇ ਆਈ. ਸੀ. ਸੀ. ਅੰਡਰ-19 ਵਿਸ਼ਵ ਕੱਪ ਫਾਈਨਲ ’ਚ ਪ੍ਰਵੇਸ਼ ਕੀਤਾ, ਜਿਸ ’ਚ ਉਸ ਦਾ ਸਾਹਮਣਾ ਪਿਛਲੇ ਚੈਂਪੀਅਨ ਭਾਰਤ ਨਾਲ ਹੋਵੇਗਾ। ਫਾਈਨਲ ਐਤਵਾਰ ਨੂੰ ਇਸੇ ਸਟੇਡੀਅਮ ’ਚ ਖੇਡਿਆ ਜਾਵੇਗਾ।
ਪਾਕਿਸਤਾਨ ਦੇ ਖਿਡਾਰੀ ਤੇਜ਼ ਗੇਂਦਬਾਜ਼ ਸਟ੍ਰੇਕਰ (24 ਦੌੜਾਂ ਦੇ 6 ਵਿਕਟ) ਦੇ ਅੱਗੇ ਸੰਘਰਸ਼ ਕਰਦੇ ਰਹੇ, ਜਿਸ ਨਾਲ ਟੀਮ ਬੱਲੇਬਾਜ਼ੀ ਦਾ ਸੱਦਾ ਮਿਲਣ ਤੋਂ ਬਾਅਦ ਸਿਰਫ 179 ਦੌੜਾਂ ਦਾ ਸਕੋਰ ਹੀ ਖੜ੍ਹਾ ਕਰ ਸਕੀ। ਜੇਕਰ ਅਰਾਫਾਤ ਮਿਨਹਾਸ (52 ਦੌੜਾਂ) ਅਤੇ ਅਜਾਨ ਅਵੇਸ (52 ਦੌੜਾਂ) ਦੇ ਅਰਧ-ਸੈਂਕੜੇ ਨਾ ਹੁੰਦੇ ਤਾਂ ਇਹ ਸਕੋਰ ਹੋਰ ਘੱਟ ਹੁੰਦਾ। ਆਸਟ੍ਰੇਲੀਆਈ ਟੀਮ ਵੀ ਪਾਕਿਸਤਾਨੀ ਗੇਂਦਬਾਜ਼ਾਂ ਦੇ ਅੱਗੇ ਜੂੰਝਦੀ ਦਿਸੀ ਪਰ ਇਸ ਦੇ ਬਾਵਜੂਦ 49.1 ਓਵਰ ’ਚ 9 ਵਿਕਟਾਂ ’ਤੇ 181 ਦੌੜਾਂ ਬਣਾ ਕੇ ਫਾਈਨਲ ’ਚ ਪਹੁੰਚਣ ’ਚ ਸਫਲ ਰਹੀ। ਇਸ ਵਿਚ ਡਿਕਸਨ (75 ਗੇਂਦਾਂ ’ਚ 50 ਦੌੜਾਂ, 5 ਚੌਕੇ) ਅਤੇ ਓਲਿਵਰ ਪੀਕੇ (75 ਗੇਂਦਾਂ ’ਚ 49 ਦੌੜਾਂ, 3 ਚੌਕੇ) ਦੀਆਂ ਪਾਰੀਆਂ ਦਾ ਅਹਿਮ ਯੋਗਦਾਨ ਰਿਹਾ।
ਭਾਰਤੀ ਟੀਮ ਆਪਣਾ 9ਵਾਂ ਫਾਈਨਲ ਖੇਡੇਗੀ, ਜਦਕਿ ਆਸਟ੍ਰੇਲੀਆ ਦਾ ਇਹ ਛੇਵਾਂ ਫਾਈਨਲ ਹੋਵੇਗਾ। ਭਾਰਤ ਨੇ ਰਿਕਾਰਡ 5 ਖਿਤਾਬ ਜਿੱਤੇ ਹਨ, ਜਦਕਿ ਆਸਟ੍ਰੇਲੀਆ ਦੇ ਨਾਂ 3 ਟਰਾਫੀਆਂ ਹਨ। ਪਿਛਲੀ ਵਾਰ ਆਸਟ੍ਰੇਲੀਆ ਨੇ 2010 ਵਿਚ ਇਹ ਟਰਾਫੀ ਪਾਕਿਸਤਾਨ ਨੂੰ ਹਰਾ ਕੇ ਜਿੱਤੀ।