ਆਸਟ੍ਰੇਲੀਆ ਦੀ ਪਹਿਲੇ ਟੀ-20 ’ਚ ਨਿਊਜ਼ੀਲੈਂਡ ’ਤੇ ਰੋਮਾਂਚਕ ਜਿੱਤ
Wednesday, Feb 21, 2024 - 07:20 PM (IST)
ਵੇਲਿੰਗਟਨ (ਨਿਊਜ਼ੀਲੈਂਡ)– ਟਿਮ ਡੇਵਿਡ ਨੇ ਮੈਚ ਦੀ ਆਖਰੀ ਗੇਂਦ ’ਤੇ ਚੌਕਾ ਲਾ ਕੇ ਆਸਟ੍ਰੇਲੀਆ ਨੂੰ ਨਿਊਜ਼ੀਲੈਂਡ ਵਿਰੁੱਧ ਬੁੱਧਵਾਰ ਨੂੰ ਇੱਥੇ ਪਹਿਲੇ ਟੀ-20 ਕੌਮਾਂਤਰੀ ਕ੍ਰਿਕਟ ਮੈਚ ਵਿਚ 6 ਵਿਕਟਾਂ ਨਾਲ ਰੋਮਾਂਚਕ ਜਿੱਤ ਦਿਵਾਈ। ਨਿਊਜ਼ੀਲੈਂਡ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 3 ਵਿਕਟਾਂ ’ਤੇ 215 ਦੌੜਾਂ ਬਣਾਈਆਂ, ਜਿਸ ਵਿਚ 13 ਛੱਕੇ ਤੇ 10 ਚੌਕੇ ਸ਼ਾਮਲ ਹਨ। ਉਸ ਵਲੋਂ ਡੇਵੋਨ ਕਾਨਵੇ (46 ਗੇਂਦਾਂ ’ਤੇ 63 ਦੌੜਾਂ, 5 ਚੌਕੇ ਤੇ 2 ਛੱਕੇ) ਤੇ ਰਚਿਨ ਰਵਿੰਦਰ (35 ਗੇਂਦਾਂ ’ਤੇ 68 ਦੌੜਾਂ, 2 ਚੌਕੇ ਤੇ 6 ਛੱਕੇ) ਨੇ ਅਰਧ ਸੈਂਕੜੇ ਲਾਏ ਜਦਕਿ ਸਲਾਮੀ ਬੱਲੇਬਾਜ਼ ਫਿਨ ਐਲਨ ਨੇ 17 ਗੇਂਦਾਂ ’ਤੇ 32 ਦੌੜਾਂ ਦਾ ਯੋਗਦਾਨ ਦਿੱਤਾ।
ਆਸਟ੍ਰੇਲੀਆ ਨੂੰ ਟੀਚੇ ਤਕ ਪਹੁੰਚਾਉਣ ਵਿਚ ਕਪਤਾਨ ਮਿਸ਼ੇਲ ਮਾਰਸ਼ ਦਾ ਅਹਿਮ ਯੋਗਦਾਨ ਰਿਹਾ, ਜਿਸ ਨੇ 44 ਗੇਂਦਾਂ ’ਤੇ ਅਜੇਤੂ 72 ਦੌੜਾਂ ਬਣਾਈਆਂ। ਉਸ ਦੀ ਇਸ ਪਾਰੀ ਦੀ ਬਦੌਲਤ ਆਸਟ੍ਰੇਲੀਆ ਆਪਣਾ ਤੀਜਾ ਸਰਵਸ੍ਰੇਸਠ ਟੀਚਾ ਹਾਸਲ ਕਰਨ ਵਿਚ ਸਫਲ ਰਿਹਾ। ਮਾਰਸ਼ ਨੇ ਆਪਣੀ ਪਾਰੀ ਵਿਚ ਦੋ ਚੌਕੇ ਤੇ ਸੱਤ ਛੱਕੇ ਲਾਏ। ਉਸ ਨੇ ਮੈਚ ਦਾ ਸਰਵਸ੍ਰੇਸ਼ਠ ਖਿਡਾਰੀ ਚੁਣਿਆ ਗਿਆ।
ਮੈਚ ਦੇ ਆਖਿਰ ਵਿਚ ਡੇਵਿਡ (10 ਗੇਂਦਾਂ ’ਤੇ ਅਜੇਤੂ 31 ਦੌੜਾਂ, 2 ਚੌਕੇ ਤੇ 3 ਛੱਕੇ) ਨੇ ਜ਼ਿੰਮੇਵਾਰੀ ਸੰਭਾਲੀ। ਉਸ ਨੇ 19ਵੇਂ ਓਵਰ ਦੀਆਂ ਆਖਰੀ 3 ਗੇਂਦਾਂ ’ਤੇ 2 ਛੱਕੇ ਤੇ 1 ਚੌਕਾ ਲਾਇਆ। ਇਸ ਤਰ੍ਹਾਂ ਨਾਲ ਆਸਟ੍ਰੇਲੀਆ ਨੂੰ ਆਖਰੀ ਓਵਰ ਵਿਚ 19 ਦੌੜਾਂ ਦੀ ਲੋੜ ਸੀ। ਨਿਊਜ਼ੀਲੈਂਡ ਨੇ ਆਪਣੇ ਤਜਰਬੇਕਾਰ ਤੇਜ਼ ਗੇਂਦਬਾਜ਼ ਟਿਮ ਸਾਊਥੀ ਨੂੰ ਆਖਰੀ ਓਵਰ ਕਰਨ ਦੀ ਜ਼ਿੰਮੇਵਾਰੀ ਸੌਂਪੀ। ਉਸਦੀਆਂ ਪਹਿਲੀਆਂ ਦੋ ਗੇਂਦਾਂ ਵਾਈਡ ਚਲੀਆਂ ਗਈਆਂ। ਇਸਦੇ ਬਾਵਜੂਦ ਆਸਟ੍ਰੇਲੀਆ ਨੂੰ ਆਖਰੀ 3 ਗੇਂਦਾਂ ’ਤੇ 12 ਦੌੜਾਂ ਦੀ ਲੋੜ ਸੀ। ਡੇਵਿਡ ਨੇ ਚੌਥੇ ਗੇਂਦ ’ਤੇ ਛੱਕਾ ਲਾਇਆ ਤੇ ਅਗਲੀ ਗੇਂਦ ’ਤੇ 2 ਦੌੜਾਂ ਲਈਆਂ। ਇਸ ਤੋਂ ਬਾਅਦ ਉਸ ਨੇ ਜੇਤੂ ਚੌਕਾ ਲਾ ਕੇ ਆਸਟ੍ਰੇਲੀਆ ਦਾ ਸਕੋਰ 4 ਵਿਕਟਾਂ ’ਤੇ 216 ਦੌੜਾਂ ’ਤੇ ਪਹੁੰਚਾਇਆ ਤੇ ਉਸ ਨੂੰ ਤਿੰਨ ਮੈਚਾਂ ਦੀ ਲੜੀ ਵਿਚ 1-0 ਨਾਲ ਅੱਗੇ ਕਰ ਦਿੱਤਾ।