AUS vs PAK : ਪਾਕਿਸਤਾਨ ''ਤੇ ਪਾਰੀ ਦੀ ਹਾਰ ਦਾ ਖਤਰਾ
Monday, Dec 02, 2019 - 12:50 AM (IST)

ਐਡੀਲੇਡ- ਲੈੱਗ ਸਪਿਨਰ ਯਾਸਿਰ ਸ਼ਾਹ (113) ਦੇ ਬਿਹਤਰੀਨ ਪਹਿਲੇ ਸੈਂਕੜੇ ਤੇ ਬਾਬਰ ਆਜ਼ਮ ਦੀ 97 ਦੌੜਾਂ ਦੀ ਸ਼ਾਨਦਾਰ ਪਾਰੀ ਦੇ ਬਾਵਜੂਦ ਪਾਕਿਸਤਾਨ ਨੂੰ ਆਸਟਰੇਲੀਆ ਵਿਰੁੱਧ ਦੂਜੇ ਡੇਅ-ਨਾਈਟ ਕ੍ਰਿਕਟ ਟੈਸਟ ਦੇ ਤੀਜੇ ਦਿਨ ਐਤਵਾਰ ਨੂੰ ਫਾਲੋਆਨ ਦਾ ਸਾਹਮਣਾ ਕਰਨਾ ਪਿਆ ਤੇ ਦੂਜੀ ਪਾਰੀ ਵਿਚ 3 ਵਿਕਟਾਂ ਗੁਆਉਣ ਤੋਂ ਬਾਅਦ ਉਹ ਪਾਰੀ ਦੀ ਹਾਰ ਦੇ ਸੰਕਟ ਵਿਚ ਫਸ ਗਿਆ ਹੈ। ਪਾਕਿਸਤਾਨ ਨੇ 6 ਵਿਕਟਾਂ 'ਤੇ 96 ਦੌੜਾਂ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ ਅਤੇ ਯਾਸਿਰ ਤੇ ਬਾਬਰ ਦੀਆਂ ਸਾਹਸੀ ਪਾਰੀਆਂ ਨਾਲ ਪਹਿਲੀ ਪਾਰੀ ਵਿਚ 302 ਬਣਾਈਆਂ। ਯਾਸਿਰ ਨੇ 213 ਗੇਂਦਾਂ 'ਤੇ 113 ਦੌੜਾਂ ਵਿਚ 13 ਚੌਕੇ ਲਾਏ। ਇਸ ਤਰ੍ਹਾਂ ਯਾਸਿਰ ਦੀ ਪਾਰੀ ਵਿਚ 13 ਅੰਕਾਂ ਦਾ ਦਿਲਚਸਪ ਸੰਯੋਗ ਰਿਹਾ। ਆਜ਼ਮ ਨੇ 132 ਗੇਂਦਾਂ 'ਤੇ 97 ਦੌੜਾਂ ਵਿਚ 11 ਚੌਕੇ ਲਾਏ।
ਪਾਕਿਸਤਾਨ ਨੂੰ ਪਹਿਲੀ ਪਾਰੀ ਵਿਚ 287 ਦੌੜਾਂ ਨਾਲ ਪਿਛੜਨ ਤੋਂ ਬਾਅਦ ਫਾਲੋਆਨ ਕਰਨਾ ਪਿਆ। ਪਾਕਿਸਤਾਨ ਦੀ ਦੂਜੀ ਪਾਰੀ ਵਿਚ ਵੀ ਸ਼ੁਰੂਆਤ ਖਰਾਬ ਰਹੀ। ਮੀਂਹ ਕਾਰਣ ਆਖਰੀ ਸੈਸ਼ਨ ਵਿਚ ਅੜਿੱਕਾ ਪਿਆ ਤੇ 19 ਓਵਰਾਂ ਦੀ ਖੇਡ ਬਰਬਾਦ ਹੋਈ। ਇਸ ਦੌਰਾਨ ਦੂਜੀ ਪਾਰੀ ਵਿਚ ਪਾਕਿਸਤਾਨ ਨੇ ਆਪਣੀਆਂ 3 ਵਿਕਟਾਂ ਸਿਰਫ 39 ਦੌੜਾਂ 'ਤੇ ਗੁਆ ਦਿੱਤੀਆਂ ਤੇ ਉਸ ਨੂੰ ਪਾਰੀ ਦੀ ਹਾਰ ਤੋਂ ਬਚਣ ਲਈ ਅਜੇ 248 ਦੌੜਾਂ ਹੋਰ ਬਣਾਉਣੀਆਂ ਹਨ।
ਯਾਸਿਰ ਨੇ ਇਸ ਮੁਕਾਬਲੇ ਵਿਚ ਕਰੀਅਰ ਦਾ ਪਹਿਲਾ ਸੈਂਕੜਾ ਬਣਾ ਕੇ ਪਾਕਿਸਤਾਨ ਦਾ ਕੁਝ ਸਨਮਾਨ ਬਚਾਇਆ, ਨਹੀਂ ਤਾਂ ਇਕ ਸਮੇਂ ਪਾਕਿਸਤਾਨ ਦੀਆਂ 6 ਵਿਕਟਾਂ ਸਿਰਫ 89 ਦੌੜਾਂ 'ਤੇ ਡਿੱਗ ਚੁੱਕੀਆਂ ਸਨ। ਬਾਬਰ ਆਜ਼ਮ ਨੇ 43 ਤੇ ਯਾਸਿਰ ਸ਼ਾਹ ਨੇ 4 ਦੌੜਾਂ ਤੋਂ ਆਪਣੀ ਪਾਰੀ ਨੂੰ ਅੱਗੇ ਵਧਾਇਆ। ਦੋਵੇਂ ਸਕੋਰ ਨੂੰ 194 ਦੌੜਾਂ ਤਕ ਲੈ ਗਏ। ਆਜ਼ਮ ਆਪਣੇ ਸੈਂਕੜੇ ਤੋਂ ਤਿੰਨ ਦੌੜਾਂ ਦੂਰ ਸੀ ਕਿ ਮਿਸ਼ੇਲ ਸਟਾਰਕ ਨੇ ਉਸ ਨੂੰ ਟਿਮ ਪੇਨ ਹੱਥੋਂ ਕੈਚ ਕਰਵਾ ਕੇ ਆਪਣੀ ਪੰਜਵੀਂ ਵਿਕਟ ਲੈ ਲਈ। ਸ਼ਾਹੀਨ ਅਫਰੀਦੀ ਖਾਤਾ ਖੋਲ੍ਹੇ ਬਿਨਾਂ ਸਟਾਰਕ ਦੀ ਗੇਂਦ 'ਤੇ ਐੱਲ. ਬੀ. ਡਬਲਯੂ. ਹੋ ਗਿਆ। ਪਾਕਿਸਤਾਨ ਨੇ ਆਪਣੀ 8ਵੀਂ ਵਿਕਟ 194 ਦੇ ਸਕੋਰ 'ਤੇ ਹੀ ਗੁਆਈ। ਅਜਿਹਾ ਲੱਗ ਰਿਹਾ ਸੀ ਕਿ ਪਾਕਿਸਤਾਨ ਦੀ ਪਾਰੀ 200 ਦੌੜਾਂ ਦੇ ਅੰਦਰ ਹੀ ਸਿਮਟ ਜਾਵੇਗੀ ਪਰ ਯਾਸਿਰ ਦੇ ਸੰਘਰਸ਼ਪੂਰਨ ਸੈਂਕੜੇ ਨੇ ਪਾਕਿਸਤਾਨ ਨੂੰ 300 ਦੇ ਪਾਰ ਪਹੁੰਚਾਇਆ।