ਲੈਂਗਰ ਨੂੰ ਵਾਰਨਰ ਦੀ ਵਾਪਸੀ ਦਾ ਭਰੋਸਾ
Wednesday, Jan 06, 2021 - 02:41 AM (IST)

ਸਿਡਨੀ– ਆਸਟਰੇਲੀਆ ਦੇ ਕੋਚ ਜਸਟਿਨ ਲੈਂਗਰ ਨੂੰ ਟੀਮ ਦੇ ਧਮਾਕੇਦਾਰ ਸਲਾਮੀ ਬੱਲੇਬਾਜ਼ ਡੇਵਿਡ ਵਾਰਨਰ ਦੇ ਭਾਰਤ ਵਿਰੁੱਧ 7 ਜਨਵਰੀ ਤੋਂ ਸਿਡਨੀ ਵਿਚ ਹੋਣ ਵਾਲੇ ਤੀਜੇ ਟੈਸਟ ਲਈ ਟੀਮ ਵਿਚ ਵਾਪਸੀ ਦਾ ਭਰੋਸਾ ਹੈ।
ਵਾਰਨਰ ਕਮਰ ਦੀ ਸੱਟ ਕਾਰਣ ਭਾਰਤ ਵਿਰੁੱਧ ਪਹਿਲੇ ਦੋ ਟੈਸਟਾਂ ਵਿਚੋਂ ਬਾਹਰ ਰਿਹਾ ਸੀ। ਲੈਂਗਰ ਦਾ ਮੰਨਣਾ ਹੈ ਕਿ ਤਕਰੀਬਨ ਇਕ ਸਾਲ ਦੇ ਫਰਕ ਤੋਂ ਬਾਅਦ ਟੈਸਟ ਕ੍ਰਿਕਟ ਖੇਡਣ ਜਾ ਰਹੇ ਵਾਰਨਰ ਦੀ ਬੱਲੇਬਾਜ਼ੀ ’ਤੇ ਕੋਈ ਅਸਰ ਨਹੀਂ ਪਵੇਗਾ ਪਰ ਮੈਦਾਨ ’ਤੇ ਉਸਦੀ ਭੂਮਿਕਾ ਸੀਮਤ ਰਹੇਗੀ।
ਲੈਂਗਰ ਨੇ ਕਿਹਾ,‘‘ਮੇਰੇ ਖਿਆਲ ਨਾਲ ਵਾਰਨਰ ਦੀ ਬੱਲੇਬਾਜ਼ੀ ਬਿਹਤਰ ਹੈ ਪਰ ਹੋ ਸਕਦਾ ਹੈ ਕਿ ਮੈਦਾਨ ਵਿਚ ਉਸ ਨੂੰ ਕੁਝ ਵੱਖ-ਵੱਖ ਮੂਵਮੈਂਟ ਕਰਨੀਆਂ ਪੈ ਸਕਦੀਆਂ ਹਨ। ਇਸ ਲਈ ਸਾਨੂੰ ਉਸ ਨੂੰ ਸਲਿਪ ਵਿਚ ਲਿਆਉਣਾ ਪਵੇਗਾ। ਮੈਨੂੰ ਅਜੇ ਵੀ ਇਕ ਸਾਲ ਪਹਿਲਾਂ ਲੀਡਸ ਵਿਚ ਉਸਦੇ ਵਲੋਂ ਕੀਤੇ ਗਏ ਸ਼ਾਨਦਾਰ ਕੈਚ ਯਾਦ ਹਨ। ਵਾਰਨਰ ਥੋੜ੍ਹੀ ਦਰਦ ਦੇ ਨਾਲ ਖੇਡਣ ਉਤਰੇਗਾ। ਹਾਲਾਂਕਿ ਉਹ ਇਸਦੇ ਲਈ ਤਿਆਰ ਹੈ। ਉਮੀਦ ਹੈ ਕਿ ਇਸ ਵਿਚ ਬਹੁਤ ਜ਼ਿਆਦਾ ਅੜਿੱਕਾ ਨਹੀਂ ਆਵੇਗਾ।’’
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿਚ ਦਿਓ ਜਵਾਬ।