Asian Games : ਪਿੰਕੀ ਨੇ ਕੁਰਾਸ਼ ਵਿਚ ਭਾਰਤ ਲਈ ਜਿੱਤਿਆ ਚਾਂਦੀ ਤਮਗਾ
Tuesday, Aug 28, 2018 - 08:26 PM (IST)

ਜਕਾਰਤਾ : ਜਕਾਰਤਾ : ਭਾਰਤ ਦੀ ਪਿੰਕੀ ਬਲਹਾਰਾ ਨੇ 18ਵੀਆਂ ਏਸ਼ੀਆਈ ਖੇਡਾਂ ਦੀ ਕੁਰਾਸ਼ ਪ੍ਰਤੀਯੋਗਿਤਾ ਦੇ ਮਹਿਲਾਵਾਂ ਦੇ 52 ਕਿ.ਗ੍ਰਾ ਭਾਰ ਵਰਗ 'ਚ ਚਾਂਦੀ ਤਮਗਾ ਜਿੱਤਿਆ ਹੈ ਜਦਕਿ ਮਾਲਾਪ੍ਰਭਾ ਜਾਧਵ ਨੂੰ 52 ਕਿ.ਗ੍ਰਾ ਦੇ ਸੈਮੀਫਾਈਨਲ 'ਚ ਹਾਰਨ ਤੋਂ ਬਾਅਦ ਕਾਂਸੀ ਤਮਗਾ ਮਿਲਿਆ। ਪਾਰੰਪਰਿਕ ਮਾਰਸ਼ਲ ਆਰਟ ਦੇ ਇਸ ਖੇਡ 'ਚ ਪਿੰਕੀ ਨੇ ਲਗਾਤਾਰ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸੋਨ ਤਮਗੇ ਲਈ ਜਗ੍ਹਾ ਬਣਾ ਲਈ ਜਿਥੇ ਉਸ ਦਾ ਸਾਹਮਣਾ ਉਜਬੇਕਿਸਤਾਨ ਦੀ ਗੁਲਨੋਰ ਸੁਲੇਮਾਨੋਵਾ ਨਾਲ ਹੋਇਆ।
ਕੁਰਾਸ਼ ਉਜਬੇਕਿਸਤਾਨ ਦਾ ਪਾਰੰਪਰਿਕ ਮਾਰਸ਼ਲ ਆਰਟ ਖੇਡ ਹੈ ਅਤੇ ਸੁਲੇਮਾਨੋਵਾ ਨੇ ਆਪਣੇ ਤਜ਼ਰਬੇ ਦਾ ਪੂਰਾ ਫਾਇਦਾ ਚੁੱਕਦੇ ਹੋਏ ਪਿੰਕੀ ਨੂੰ 10-0 ਨਾਲ ਹਰਾ ਕੇ ਸੋਨ ਤਮਗੇ 'ਤੇ ਕਬਜਾ ਕੀਤਾ। 19 ਸਾਲਾਂ ਪਿੰਕੀ ਨੇ ਰਾਊਂਡ 16 ਦੇ ਮੈਚ 'ਚ ਤਾਈਪੇ ਦੀ ਚਿਆਵੇਨ ਸੋਊ ਨੂੰ 5-0 ਨਾਲ. ਅਤੇ ਕੁਆਰਟਰ ਫਾਈਨਲ ਮੈਚ 'ਚ ਇੰਡੋਨੇਸ਼ੀਆ ਦੀ ਕੁਸਾਵਦਰਨੀ ਸੁਸਾਂਤੀ ਨੂੰ 3-0 ਨਾਲ ਹਰਾਇਆ ਸੀ ਪਰ ਫਾਈਨਲ 'ਚ ਉਸ ਦੀ ਚੁਣੌਤੀ ਟੁੱਟ ਗਈ ਅਤੇ ਉਸ ਨੂੰ 10-0 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਪੁਰਸ਼ਾਂ ਦੇ 66 ਕਿ.ਗ੍ਰਾ ਭਾਰ ਵਰਗ 'ਚ ਜਤਿਨ ਰਾਊਂਡ-16 'ਚ ਹਾਰ ਗਏ ਜਦਕਿ ਜੈਕੀ ਗਹਿਲੋਤ ਰਾਊਂਡ 32 'ਚ ਹਾਰ ਗਏ।