Ashes, 2nd Test Match : ਆਸਟਰੇਲੀਆ ਨੇ ਇੰਗਲੈਂਡ ਨੂੰ 275 ਦੌੜਾਂ ਦੇ ਵੱਡੇ ਫ਼ਰਕ ਨਾਲ ਹਰਾਇਆ
Monday, Dec 20, 2021 - 04:48 PM (IST)
ਸਪੋਰਟਸ ਡੈਸਕ- ਝਾਏ ਰਿਚਰਡਸਨ (42 ਦੌੜਾਂ ਦੇ ਕੇ 5 ਵਿਕਟਾਂ) ਦੀ ਅਗਵਾਈ 'ਚ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਨਾਲ ਆਸਟਰੇਲੀਆ ਨੇ ਇੰਗਲੈਂਡ ਨੂੰ ਸੋਮਵਾਰ ਨੂੰ ਦੂਜੇ ਡੇ-ਨਾਈਟ ਦੇ ਏਸ਼ੇਜ਼ ਟੈਸਟ ਮੈਚ ਦੇ ਪੰਜਵੇਂ ਤੇ ਆਖ਼ਰੀ ਦਿਨ 275 ਦੌੜਾਂ ਨਾਲ ਹਰਾ ਕੇ ਪੰਜ ਮੈਚਾਂ ਦੀ ਸੀਰੀਜ਼ 'ਚ 2-0 ਦੀ ਮਜ਼ਬੂਤ ਬੜ੍ਹਤ ਬਣਾ ਲਈ।
ਆਸਟਰੇਲੀਆ ਨੇ ਇੰਗਲੈਂਡ ਦੇ ਸਾਹਮਣੇ 468 ਦੌੜਾਂ ਦਾ ਅਸੰਭਵ ਜਿਹਾ ਟੀਚਾ ਰੱਖਿਆ ਸੀ। ਇੰਗਲੈਂਡ ਨੇ ਕੱਲ੍ਹ ਦੇ 4 ਵਿਕਟਾਂ 'ਤੇ 82 ਦੌੜਾਂ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ। ਇੰਗਲੈਂਡ ਨੂੰ ਸੋਮਵਾਰ ਨੂੰ ਆਖ਼ਰੀ ਦਿਨ ਜਿੱਤ ਲਈ 386 ਦੌੜਾਂ ਦੀ ਲੋੜ ਸੀ ਜਦਕਿ ਮੇਜ਼ਬਾਨ ਆਸਟਰੇਲੀਆ ਨੂੰ ਸੀਰੀਜ਼ 'ਚ 2-0 ਦੀ ਬੜ੍ਹਤ ਬਣਾਉਣ ਲਈ 6 ਵਿਕਟਾਂ ਦੀ ਲੋੜ ਸੀ। ਰਿਚਰਡਸਨ ਨੇ 42 ਦੌੜਾਂ 'ਤੇ 5, ਮਿਸ਼ੇਲ ਸਟਾਰਕ ਨੇ 43 ਦੌੜਾਂ 'ਤੇ 2, ਆਫ਼ ਸਪਿਨਰ ਨਾਥਨ ਲਿਓਨ ਨੇ 55 ਦੌੜਾਂ 'ਤੇ 2 ਤੇ ਮਾਈਕਲ ਨੇਸਰ ਨੇ 28 ਦੌੜਾਂ ਦੇ ਕੇ 1 ਵਿਕਟ ਲੈ ਕੇ ਇੰਗਲੈਂਡ ਦਾ ਬੋਰੀਆ ਬਿਸਤਰਾ ਆਖ਼ਰੀ ਸੈਸ਼ਨ 'ਚ 192 ਦੌੜਾਂ 'ਤੇ ਬੰਨ੍ਹ ਦਿੱਤਾ।
ਇੰਗਲੈਂਡ ਵਲੋਂ ਕ੍ਰਿਸ ਵੋਕਸ ਨੇ 97 ਗੇਂਦਾਂ 'ਤੇ 7 ਚੌਕਿਆਂ ਦੀ ਮਦਦ ਨਾਲ ਸਭ ਤੋਂ ਜ਼ਿਆਦਾ 44 ਦੌੜਾਂ ਬਣਾਈਆਂ। ਜੋਸ ਬਟਲਰ ਨੇ 207 ਗੇਂਦਾਂ ਤਕ ਮੈਰਾਥਨ ਸੰਘਰਸ਼ ਕਰਦੇ ਹੋਏ 2 ਚੌਕਿਆਂ ਦੇ ਸਹਾਰੇ 26 ਦੌੜਾਂ, ਬੇਨ ਸਟੋਕਸ ਨੇ 77 ਗੇਂਦਾਂ 'ਚ 12 ਦੌੜਾਂ, ਓਲੀ ਰੌਬਿਨਸਨ ਨੇ 39 ਗੇਂਦਾਂ 'ਚ 8 ਦੌੜਾਂ ਤੇ ਸਟੁਅਰਟ ਬ੍ਰਾਡ ਨੇ 31 ਗੇਂਦਾਂ 'ਚ ਅਜੇਤੂ 9 ਦੌੜਾਂ ਬਣਾਈਆਂ। ਰਿਚਰਡਸਨ ਨੇ ਆਖ਼ਰੀ ਬੱਲੇਬਾਜ਼ ਜੇਮਸ ਐਂਡਰਸਨ ਨੂੰ 2 ਦੌੜਾਂ 'ਤੇ ਆਊਟ ਕਰਕੇ ਆਪਣਾ ਪੰਜਵਾਂ ਵਿਕਟਾ ਲਿਆ ਤੇ ਇੰਗਲੈਂਡ ਦਾ ਸੰਘਰਸ਼ ਖ਼ਤਮ ਕਰ ਦਿੱਤਾ।