ਰਾਸ਼ਟਰੀ ਬਾਸਕਟਬਾਲ ਚੈਂਪੀਅਨਸ਼ਿਪ ਵਿਚ ਬੈਸਟ ਪਲੇਅਰ ਬਣਿਆ ਅਰਸ਼ਪ੍ਰੀਤ ਸਿੰਘ
Wednesday, Jan 01, 2020 - 03:02 AM (IST)

ਜਲੰਧਰ (ਜਸਮੀਤ)- ਲੁਧਿਆਣਾ ਦੀ ਨੈਸ਼ਨਲ ਬਾਸਕਟਬਾਲ ਅਕੈਡਮੀ ਵਿਚ ਹੋਈ 70ਵੀਂ ਬਾਸਕਟਬਾਲ ਨੈਸ਼ਨਲ ਚੈਂਪੀਅਨਸ਼ਿਪ ਦੌਰਾਨ ਸ਼ਹਿਰ ਦੇ ਪਲੇਅਰ ਅਰਸ਼ਪ੍ਰੀਤ ਸਿੰਘ ਭੁੱਲਰ ਨੇ ਨੈਸ਼ਨਲ ਬੈਸਟ ਪਲੇਅਰ ਬਣਨ ਦਾ ਮਾਣ ਹਾਸਲ ਕੀਤਾ ਹੈ। ਚੈਂਪੀਅਨਸ਼ਿਪ ਵਿਚ 28 ਟੀਮਾਂ ਨੇ ਹਿੱਸਾ ਲਿਆ ਸੀ। ਫਾਈਨਲ ਮੈਚ ਵਿਚ ਪੰਜਾਬ ਦੀ ਟੀਮ ਨੇ ਤਾਮਿਲਨਾਡੂ ਨੂੰ 93-75 ਅੰਕਾਂ ਨਾਲ ਹਰਾ ਦਿੱਤਾ। ਭੁੱਲਰ ਨੇ ਇਸ ਮੈਚ ਵਿਚ 33 ਅੰਕ ਹਾਸਲ ਕੀਤੇ। ਚੈਂਪੀਅਨਸ਼ਿਪ ਦੇ 7 ਮੈਚਾਂ ਵਿਚ ਕਰੀਬ 200 ਅੰਕ ਹਾਸਲ ਕਰਨ 'ਤੇ ਭੁੱਲਰ ਨੂੰ ਬੈਸਟ ਪਲੇਅਰ ਚੁਣਿਆ ਗਿਆ। ਅਰਸ਼ਪ੍ਰੀਤ ਦਾ ਅਗਲਾ ਟਾਰਗੈੱਟ ਓਲਪਿੰਕ ਰਾਊਂਡ ਕੁਆਲੀਫਾਈ ਕਰਨਾ ਹੈ।
ਫੈੱਡਰੇਸ਼ਨ ਕੱਪ ਵਿਚ ਵੀ ਜਿੱਤਿਆ ਸੀ ਗੋਲਡ
24 ਸਾਲ ਦੇ ਭੁੱਲਰ ਨੇ ਇਸੇ ਸਾਲ ਫੈੱਡਰੇਸ਼ਨ ਕੱਪ ਵਿਚ ਪੰਜਾਬ ਪੁਲਸ ਟੀਮ ਵਲੋਂ ਬਤੌਰ ਮਹਿਮਾਨ ਪਲੇਅਰ ਖੇਡ ਕੇ ਵੀ ਗੋਲਡ ਹਾਸਲ ਕੀਤਾ ਸੀ। ਭੁੱਲਰ 2018 ਵਿਚ ਕਾਮਨ ਵੈਲਥ ਗੇਮਜ਼ ਖੇਡਣ ਗਈ ਭਾਰਤੀ ਟੀਮ ਵਿਚ ਵੀ ਸ਼ਾਮਲ ਸੀ।
ਭਰਾ ਨੂੰ ਵੇਖ ਸ਼ੁਰੂ ਕੀਤਾ ਬਾਸਕਟਬਾਲ ਖੇਡਣਾ
ਭੁੱਲਰ ਨੇ ਆਪਣੇ ਭਰਾ ਸੁਰਵਿੰਦਰ ਸਿੰਘ ਨੂੰ ਬਾਸਕਟਬਾਲ ਖੇਡਦੇ ਵੇਖ ਕੇ ਇਸ ਖੇਡ ਵਿਚ ਕਰੀਅਰ ਬਣਾਉਣ ਦੀ ਸੋਚੀ ਸੀ। ਘਰ ਵਿਚ ਬਣਾਈ ਗਰਾਊਂਡ ਵਿਚ ਉਹ ਭਰਾ ਦੇ ਨਾਲ ਪ੍ਰੈਕਟਿਸ ਕਰਦਾ ਸੀ। ਸਕੂਲ ਲੈਵਲ 'ਤੇ ਖੇਡਦੇ-ਖੇਡਦੇ ਉਹ ਲੁਧਿਆਣਾ ਅਕੈਡਮੀ ਤੱਕ ਜਾ ਪਹੁੰਚਿਆ। ਇਥੋਂ ਹੀ ਉਹ ਇੰਟਰਨੈਸ਼ਨਲ ਲੈਵਲ ਤੱਕ ਪਹੁੰਚਿਆ।