T20 WC ’ਚ ਅਰਸ਼ਦੀਪ ਤੇ ਹਾਰਦਿਕ ਹੋਣਗੇ ਸਫਲਤਾ ਦੀ ਕੁੰਜੀ : ਰੋਹਿਤ
Thursday, Jan 29, 2026 - 10:30 AM (IST)
ਨਵੀਂ ਦਿੱਲੀ– ਟੀ-20 ਵਿਸ਼ਵ ਕੱਪ ਜੇਤੂ ਕਪਤਾਨ ਰੋਹਿਤ ਸ਼ਰਮਾ ਦਾ ਮੰਨਣਾ ਹੈ ਕਿ ਆਗਾਮੀ ਟੂਰਨਾਮੈਂਟ ’ਚ ਆਲਰਾਊਂਡਰ ਹਾਰਦਿਕ ਪੰਡਯਾ ਤੇ ਖੱਬੇ ਹੱਥ ਦਾ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਭਾਰਤ ਦੀ ਸਫਲਤਾ ਦੀ ਕੁੰਜੀ ਹੋਣਗੇ।
ਮੌਜੂਦਾ ਚੈਂਪੀਅਨ ਭਾਰਤ ਪ੍ਰਮੁੱਖ ਦਾਅਵੇਦਾਰ ਵਜੋਂ ਟੂਰਨਾਮੈਂਟ ’ਚ ਉਤਰੇਗਾ। ਰੋਹਿਤ ਨੇ ਕਿਹਾ, ‘‘ਜਸਪ੍ਰੀਤ ਬੁਮਰਾਹ ਤੇ ਅਰਸ਼ਦੀਪ ਸਿੰਘ ਦੋਵਾਂ ਦਾ ਇਕੱਠੇ ਖੇਡਣਾ ਸਾਡੇ ਲਈ ਬਹੁਤ ਹਾਂ-ਪੱਖੀ ਹੈ ਕਿਉਂਕਿ ਦੋਵੇਂ ਵਿਕਟ ਲੈਣ ਵਾਲੇ ਗੇਂਦਬਾਜ਼ ਹਨ। ਅਰਸ਼ਦੀਪ ਨਵੀਂ ਗੇਂਦ ਨਾਲ ਸਵਿੰਗ ਕਰਾਉਣ ’ਚ ਮਾਹਿਰ ਹੈ ਤੇ ਸ਼ੁਰੂਆਤੀ ਵਿਕਟਾਂ ਲੈਂਦਾ ਹੈ। ਉਹ ਨਵੀਂ ਗੇਂਦ ਨਾਲ ਤੇ ਡੈੱਥ ਓਵਰਾਂ ’ਚ ਗੇਂਦਬਾਜ਼ੀ ਕਰਦਾ ਹੈ। ਸ਼ੁਰੂਆਤ ਤੇ ਅੰਤ ਬਹੁਤ ਮਹੱਤਵਪੂਰਨ ਹੈ ਤੇ ਉਹ ਦੋਵਾਂ ’ਚ ਮਜ਼ਬੂਤ ਹੈ।’’
ਉਸ ਨੇ ਕਿਹਾ, ‘‘ਉਹ ਨਵੀਂ ਗੇਂਦ ਨੂੰ ਸਵਿੰਗ ਕਰਾ ਕੇ ਖੱਬੇ ਹੱਥ ਦੇ ਬੱਲੇਬਾਜ਼ਾਂ ਨੂੰ ਸਲਿੱਪ ’ਚ ਕੈਚ ਆਊਟ ਕਰਵਾ ਸਕਦਾ ਹੈ ਤੇ ਸੱਜੇ ਹੱਥ ਦੇ ਬੱਲੇਬਾਜ਼ਾਂ ਦੇ ਪੈਡ ਨੂੰ ਨਿਸ਼ਾਨਾ ਬਣਾ ਸਕਦਾ ਹੈ। ਨਵੀਂ ਗੇਂਦ ਦੇ ਗੇਂਦਬਾਜ਼ਾਂ ਲਈ ਇਹ ਹੁਨਰ ਕਾਫੀ ਅਹਿਮ ਹੈ। ਉਹ ਹਮੇਸ਼ਾ ਵਿਕਟ ਲੈਣ ਦੀ ਕੋਸ਼ਿਸ਼ ਕਰਦਾ ਹੈ ਤੇ ਇਹ ਹੀ ਵਜ੍ਹਾ ਹੈ ਕਿ ਉਹ ਪਹਿਲਾ ਓਵਰ ਕਰਦਾ ਹੈ।’’
ਉਸ ਨੇ ਕਿਹਾ, ‘‘ਟੀ-20 ਵਿਸ਼ਵ ਕੱਪ 2024 ਦੇ ਫਾਈਨਲ ’ਚ ਦੱਖਣੀ ਅਫਰੀਕਾ ਦੇ ਵਿਰੁੱਧ ਉਸ ਨੇ ਸ਼ਾਨਦਾਰ ਗੇਂਦਬਾਜ਼ੀ ਕੀਤੀ ਸੀ। ਮੈਨੂੰ ਅਜੇ ਵੀ ਯਾਦ ਹੈ ਕਿ ਕਵਿੰਟਨ ਡੀ ਕੌਕ ਨੂੰ ਕ੍ਰੀਜ਼ ’ਤੇ ਟਿਕਣ ਤੋਂ ਬਾਅਦ ਉਸ ਨੇ ਆਊਟ ਕੀਤਾ ਸੀ ਤੇ 19ਵੇਂ ਓਵਰ ’ਚ 2 ਜਾਂ 3 ਦੌੜਾਂ ਹੀ ਦਿੱਤੀਆਂ ਸਨ, ਜਿਸ ਨਾਲ ਦੱਖਣੀ ਅਫਰੀਕਾ ਦਬਾਅ ’ਚ ਆ ਗਿਆ ਸੀ।’’
ਉਸ ਨੇ ਕਿਹਾ, ‘‘ਉਹ ਟੀ-20 ਵਿਸ਼ਵ ਕੱਪ 2026 ’ਚ ਵੀ ਭਾਰਤ ਲਈ ਅਹਿਮ ਸਾਬਤ ਹੋਵੇਗਾ।’’ ਭਾਰਤ ਨੇ ਵੈਸਟਇੰਡੀਜ਼ ਤੇ ਅਮਰੀਕਾ ’ਚ ਰੋਹਿਤ ਦੀ ਕਪਤਾਨੀ ’ਚ ਟੀ-20 ਵਿਸ਼ਵ ਕੱਪ ਜਿੱਤਿਆ ਸੀ ਜਿਸ ਤੋਂ ਬਾਅਦ ਰੋਹਿਤ ਨੇ ਇਸ ਫਾਰਮੈੱਟ ਤੋਂ ਸੰਨਿਆਸ ਲੈ ਲਿਆ ਸੀ।
ਹਾਰਦਿਕ ਦੀ ਭੂਮਿਕਾ ਬਾਰੇ ਰੋਹਿਤ ਨੇ ਕਿਹਾ, ‘‘ਹਾਰਦਿਕ ਪੰਡਯਾ ਜਦੋਂ ਵੀ ਟੀਮ ’ਚ ਹੁੰਦਾ ਹੈ ਤਾਂ ਉਸ ਦੀ ਭੂਮਿਕਾ ਵੱਡੀ ਹੁੰਦੀ ਹੈ। ਉਹ ਬੱਲੇਬਾਜ਼ੀ ਤੇ ਗੇਂਦਬਾਜ਼ੀ ’ਚ ਨਿਰੰਤਰਤਾ ਨਾਲ ਖੇਡਦਾ ਹੈ। ਜਦੋਂ ਟੀਮ ਦਬਾਅ ’ਚ ਹੁੰਦੀ ਹੈ ਤਾਂ ਉਦੋਂ ਉਸ ਦੀ ਬੱਲੇਬਾਜ਼ੀ ਅਹਿਮ ਹੁੰਦੀ ਹੈ। ਜੇਕਰ 15ਵੇਂ ਜਾਂ 16ਵੇਂ ਓਵਰ ’ਚ ਸਾਡਾ ਸਕੋਰ 160 ਹੈ ਤੇ ਹਾਰਦਿਕ ਕ੍ਰੀਜ਼ ’ਤੇ ਹੈ ਤਾਂ ਉਹ 210 ਜਾਂ 220 ਤੱਕ ਲਿਜਾ ਸਕਦਾ ਹੈ। ਸਾਡੀਆਂ 4 ਵਿਕਟਾਂ ਵੀ 50 ਦੌੜਾਂ ’ਤੇ ਡਿੱਗੀਆਂ ਹੋਣ ਤਾਂ ਉਹ ਪਾਰੀ ਨੂੰ ਸੰਭਾਲ ਸਕਦਾ ਹੈ।’’
ਟੀ-20 ਵਿਸ਼ਵ ਕੱਪ ਭਾਰਤ ਤੇ ਸ਼੍ਰੀਲੰਕਾ ’ਚ 7 ਫਰਵਰੀ ਤੋਂ 8 ਮਾਰਚ ਤੱਕ ਖੇਡਿਆ ਜਾਵੇਗਾ।
