ਅਰਸ਼ਦੀਪ ਤੇ ਅਭਿਮਨਿਊ ਕਰਨਗੇ ਭਾਰਤ ਲਈ ਟੈਸਟ ’ਚ ਡੈਬਿਊ!
Monday, Jun 30, 2025 - 01:18 AM (IST)

ਸਪੋਰਟਸ ਡੈਸਕ–ਲੀਡਸ ਵਿਚ ਪਹਿਲਾ ਟੈਸਟ 5 ਵਿਕਟਾਂ ਨਾਲ ਹਾਰ ਜਾਣ ਤੋਂ ਬਾਅਦ ਭਾਰਤੀ ਟੀਮ ਨਿਰਾਸ਼ ਹੈ ਪਰ ਉਹ ਐਜਬੈਸਟਨ 'ਚ ਖੇਡੇ ਜਾਣ ਵਾਲੇ ਦੂਜੇ ਟੈਸਟ ਰਾਹੀਂ ਜਿੱਤ ਦੇ ਰਸਤੇ ’ਤੇ ਪਰਤਣ ਦੀ ਕੋਸ਼ਿਸ਼ ਕਰੇਗੀ। ਇਸਦੇ ਲਈ ਭਾਰਤ ਵੱਲੋਂ ਆਪਣੀ ਆਖਰੀ-11 ਵਿਚ ਬਦਲਾਅ ਕਰਨਾ ਤੈਅ ਲੱਗ ਰਿਹਾ ਹੈ।ਦੂਜੇ ਟੈਸਟ ਵਿਚ ਭਾਰਤੀ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਦੇ ਖੇਡਣ ’ਤੇ ਸ਼ੱਕ ਜਤਾਇਆ ਜਾ ਰਿਹਾ ਹੈ, ਅਜਿਹੇ ਵਿਚ ਉਸਦੀ ਜਗ੍ਹਾ ਕਿਸੇ ਤੇਜ਼ ਗੇਂਦਬਾਜ਼ ਨੂੰ ਟੀਮ ਵਿਚ ਪਾਇਆ ਜਾ ਸਕਦਾ ਹੈ। ਅਜਿਹੀ ਰਿਪੋਰਟ ਹੈ ਕਿ ਸੀਮਤ ਓਵਰਾਂ ਦਾ ਸਟਾਰ ਤੇ ਆਈ. ਪੀ. ਐੱਲ. ਵਿਚ ਪੰਜਾਬ ਕਿੰਗਜ਼ ਦਾ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਟੈਸਟ ਵਿਚ ਡੈਬਿਊ ਕਰ ਸਕਦਾ ਹੈ। ਅਰਸ਼ਦੀਪ ਕਿਉਂਕਿ ਖੱਬੇ ਹੱਥ ਦਾ ਤੇਜ਼ ਗੇਂਦਬਾਜ਼ ਹੈ, ਇਸ ਲਈ ਉਸ ’ਤੇ ਭਰੋਸਾ ਜਤਾਇਆ ਜਾ ਸਕਦਾ ਹੈ।
ਅਰਸ਼ਦੀਪ ਦੇ ਡੋਮੈਸਿਟਕ ਕ੍ਰਿਕਟ ਵਿਚ ਪ੍ਰਦਰਸ਼ਨ ’ਤੇ ਨਜ਼ਰ ਮਾਰੀ ਜਾਵੇ ਤਾਂ ਉਸ ਨੇ 2019 ਵਿਚ ਡੈਬਿਊ ਕਰਨ ਤੋਂ ਬਾਅਦ 21 ਮੁਕਾਬਲੇ ਖੇਡੇ ਹਨ, ਜਿਨ੍ਹਾਂ ਦੀਆਂ 37 ਪਾਰੀਆਂ ਵਿਚ ਉਸ ਨੇ 66 ਵਿਕਟਾਂ ਹਾਸਲ ਕੀਤੀਆਂ ਹਨ। ਇਸ ਦੌਰਾਨ ਉਸਦੀ ਅੌਸਤ 30.37 ਦੀ ਰਹੀ ਹੈ। ਪੰਜਾਬ ਦੇ ਇਸ ਖੱਬੇ ਹੱਥ ਦੇ ਗੇਂਦਬਾਜ਼ ਨੇ ਦੋ ਵਾਰ ਪਾਰੀ ਵਿਚ 5 ਜਾਂ ਇਸ ਤੋਂ ਵੱਧ ਦੀਆਂ ਵਿਕਟਾਂ ਹਾਸਲ ਕੀਤੀਆਂ ਹਨ। ਪਹਿਲੇ ਟੈਸਟ ਵਿਚ ਭਾਰਤ ਦੀ ਗੇਂਦਬਾਜ਼ੀ ਬਹੁਤ ਹੀ ਖਰਾਬ ਰਹੀ ਸੀ, ਜਿਨ੍ਹਾਂ ਖਿਲਾਫ ਬੇਨ ਸਟੋਕਸ ਦੀ ਟੀਮ ਨੇ ਆਰਾਮ ਨਾਲ ਦੌੜਾਂ ਬਣਾਈਆਂ। ਖਾਸ ਤੌਰ ’ਤੇ ਟੀਚਾ ਹਾਸਲ ਕਰਨ ਦੌਰਾਨ ਤਾਂ ਉਸ ਨੇ ਹੋਰ ਵੀ ਆਰਾਮ ਨਾਲ ਦੌੜਾਂ ਬਣਾਈਆਂ।
ਉੱਥੇ ਹੀ, ਪਹਿਲੇ ਟੈਸਟ ਵਿਚ ਭਾਰਤੀ ਬੱਲੇਬਾਜ਼ ਸਾਈ ਸੁਦਰਸ਼ਨ ਤੇ ਕਰੁਣ ਨਾਇਰ ਨੇ ਬੇਹੱਦ ਖਰਾਬ ਬੱਲੇਬਾਜ਼ੀ ਕੀਤੀ ਸੀ। ਸਾਈ ਸੁਦਰਸ਼ਨ ਨੇ ਪਹਿਲੀ ਪਾਰੀ ਵਿਚ ਕੋਈ ਸਕੋਰ ਨਹੀਂ ਬਣਾਇਆ ਸੀ ਜਦਕਿ ਦੂਜੀ ਪਾਰੀ ਵਿਚ ਉਹ 30 ਦੌੜਾਂ ਬਣਾ ਕੇ ਸਟੋਕਸ ਦੀ ਗੇਂਦ ’ਤੇ ਜੈਕ ਕਰਾਓਲੇ ਨੂੰ ਕੈਚ ਦੇ ਬੈਠਾ ਸੀ। ਉੱਥੇ ਹੀ ਕਰੁਣ ਨਾਇਰ ਵੀ ਪਹਿਲੀ ਪਾਰੀ ਵਿਚ 0 ’ਤੇ ਆਊਟ ਹੋ ਗਿਆ ਸੀ ਤੇ ਦੂਜੀ ਪਾਰੀ 'ਚ ਜਦੋਂ ਟੀਮ ਟਾਰਗੈੱਟ ਸੈੱਟ ਕਰ ਰਹੀ ਸੀ ਤਾਂ ਉਹ ਕ੍ਰਿਸ ਵੋਕਸ ਦੀ ਗੇਂਦ ’ਤੇ ਉਸ ਨੂੰ ਹੀ ਕੈਚ ਦੇ ਕੇ 20 ਦੌੜਾਂ ਬਣਾ ਕੇ ਪੈਵੇਲੀਅਨ ਪਰਤ ਗਿਆ ਸੀ। ਰਿਪੋਰਟ ਹੈ ਕਿ ਦੋਵਾਂ ਵਿਚੋਂ ਕਿਸੇ ਇਕ ਨੂੰ ਡਰਾਪ ਕੀਤਾ ਜਾ ਸਕਦਾ ਹੈ। ਅਜਿਹੇ ਿਵਚ ਦੋਵਾਂ ਵਿਚੋਂ ਜੇਕਰ ਕਿਸੇ ਇਕ ਨੂੰ ਬਾਹਰ ਕੀਤਾ ਜਾਂਦਾ ਹੈ ਤਾਂ ਨੌਜਵਾਨ ਬੱਲੇਬਾਜ਼ ਅਭਿਮਨਿਊ ਈਸ਼ਵਰਨ ਨੂੰ ਮੌਕਾ ਮਿਲ ਸਕਦਾ ਹੈ। ਸੱਜੇ ਹੱਥ ਦੇ ਇਸ ਬੱਲੇਬਾਜ਼ ਨੇ ਪਹਿਲੀ ਸ਼੍ਰੇਣੀ ਦੇ 103 ਮੈਚਾਂ ਵਿਚ 7841 ਦੌੜਾਂ ਬਣਾਈਆਂ ਹਨ ਤੇ ਇਸ ਦੌਰਾਨ ਉਸਦੇ ਬੱਲੇ ਤੋਂ 27 ਸੈਂਕੜੇ ਤੇ 31 ਅਰਧ ਸੈਂਕੜੇ ਨਿਕਲੇ ਹਨ।
ਟੀਮ ਇੰਡੀਆ ਨੇ ਵਹਾਇਆ ਪਸੀਨਾ
ਪਹਿਲੇ ਟੈਸਟ ਵਿਚ 5 ਸੈਂਕੜੇ ਲਾਉਣ ਦੇ ਬਾਵਜੂਦ ਟੀਮ ਇੰਡੀਆ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ, ਜਿਸ ਤੋਂ ਭਾਰਤੀ ਖਿਡਾਰੀ ਇਸ ਨਿਰਾਸ਼ਾ ਨੂੰ ਪਿੱਛੇ ਛੱਡ ਦੇ ਅੈਜਬੈਸਟਨ ਿਵਚ ਖੇਡੇ ਜਾਣ ਵਾਲੇ ਦੂਜੇ ਟੈਸਟ ਦੀਆਂ ਤਿਆਰੀਆਂ ਵਿਚ ਰੱੁਝ ਗਏ ਹਨ ਤੇ ਅੱਜ ਉਨ੍ਹਾਂ ਨੇ ਇੱਥੇ ਟੀਮ ਦੇ ਅਭਿਆਸ ਸੈਸ਼ਨ ਵਿਚ ਰੱਝ ਕੇ ਪਸੀਨਾ ਵਹਾਇਆ।