ਅਰਜੁਨ ਤੇਂਦੁਲਕਰ ਨੇ ਮੁੰਬਈ ਦੀ ਸੀਨੀਅਰ ਟੀਮ ’ਚ ਕੀਤਾ ਡੈਬਿਊ
Friday, Jan 15, 2021 - 10:22 PM (IST)
ਮੁੰਬਈ – ਖੱਬੇ ਹੱਥ ਦੇ ਉਭਰਦੇ ਹੋਏ ਤੇਜ਼ ਗੇਂਦਬਾਜ਼ ਅਰਜੁਨ ਤੇਂਦੁਲਕਰ ਨੇ ਸ਼ੁੱਕਰਵਾਰ ਨੂੰ ਇੱਥੇ ਹਰਿਆਣਾ ਵਿਰੁੱਧ ਸੱਯਦ ਮੁਸ਼ਤਾਕ ਅਲੀ ਟਰਾਫੀ ਦੇ ਏਲੀਟ-ਈ ਲੀਗ ਗਰੁੱਪ ਮੈਚ ਵਿਚ ਮੁੰਬਈ ਦੀ ਸੀਨੀਅਰ ਟੀਮ ਲਈ ਡੈਬਿਊ ਕੀਤਾ ਪਰ ਹਰਿਆਣਾ ਵਿਰੁੱਧ ਇਸ ਮੈਚ ਵਿਚ ਉਹ ਟੀਮ ਨੂੰ ਜਿੱਤ ਨਹੀਂ ਦਿਵਾ ਸਕਿਆ।
ਮਹਾਨ ਬੱਲੇਬਾਜ਼ ਸਚਿਨ ਤੇਂਦੁਲਕਰ ਦਾ 21 ਸਾਲ ਦਾ ਬੇਟਾ ਅਰਜੁਨ ਹੁਣ ਆਈ. ਪੀ. ਐੱਲ. ਦੀ ਨਿਲਾਮੀ ਲਈ ਕੁਆਲੀਫਾਈ ਕਰ ਲਵੇਗਾ ਕਿਉਂਕਿ ਉਸ ਨੇ ਮੁੰਬਈ ਦੀ ਟੀਮ ਲਈ ਆਪਣਾ ਡੈਬਿਊ ਕਰ ਲਿਆ ਹੈ।
ਇੱਥੇ ਦੇ ਬੀ. ਕੇ. ਸੀ. ਮੈਦਾਨ ’ਤੇ ਖੇਡੇ ਗਏ ਮੈਚ ਵਿਚ ਮੁੰਬਈ ਦੀ ਟੀਮ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 143 ਦੌੜਾਂ ’ਤੇ ਆਊਟ ਹੋ ਗਈ। ਹਰਿਆਣਾ ਨੇ 2 ਵਿਕਟਾਂ ਗੁਆ ਕੇ 17.4 ਓਵਰਾਂ ਵਿਚ ਟੀਚਾ ਹਾਸਲ ਕਰ ਲਿਆ।
ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਅਰਜੁਨ ਦਾ ਇਹ ਡੈਬਿਊ ਕੁਝ ਖਾਸ ਨਹੀਂ ਰਿਹਾ, ਜਿਸ ਨੇ 3 ਓਵਰਾਂ ਦੀ ਗੇਂਦਬਾਜ਼ੀ ਵਿਚ 34 ਦੌੜਾਂ ਖਰਚ ਕਰਕੇ 1 ਵਿਕਟ ਲਈ। ਅਰਜੁਨ ਮੁੰਬਈ ਲਈ ਵੱਖ-ਵੱਖ ਉਮਰ ਦੇ ਗਰੁੱਪ ਟੂਰਨਾਮੈਂਟਾਂ ਵਿਚ ਖੇਡਦਾ ਰਿਹਾ ਹੈ ਤੇ ਉਹ ਉਸ ਟੀਮ ਦਾ ਵੀ ਹਿੱਸਾ ਸੀ, ਜਿਹੜੀ ਇਨਵਾਇਟ ਟੂਰਨਾਮੈਂਟ ਖੇਡਦੀ ਹੈ। ਅਰਜੁਨ ਨੂੰ ਭਾਰਤ ਦੀ ਰਾਸ਼ਟਰੀ ਟੀਮ ਦੇ ਨੈੱਟ ਵਿਚ ਵੀ ਗੇਂਦਬਾਜ਼ੀ ਕਰਦੇ ਹੋਏ ਦੇਖਿਆ ਗਿਆ ਤੇ ਉਸ ਨੇ 2018 ਵਿਚ ਸ਼੍ਰੀਲੰਕਾ ਦਾ ਦੌਰਾ ਕਰਨ ਵਾਲੀ ਅੰਡਰ-19 ਟੀਮ ਵਿਚ ਵੀ ਭਾਰਤੀ ਟੀਮ ਦੀ ਪ੍ਰਤੀਨਿੱਧਤਾ ਕੀਤੀ ਸੀ।
ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।