ਅਰਜਨਟੀਨਾ ’ਚ ਭਾਰਤੀ ਹਾਕੀ ਟੀਮ ਦੀ ਅਗਵਾਈ ਕਰਨਗੇ ਮਨਪ੍ਰੀਤ ਸਿੰਘ

Tuesday, Mar 30, 2021 - 02:36 PM (IST)

ਅਰਜਨਟੀਨਾ ’ਚ ਭਾਰਤੀ ਹਾਕੀ ਟੀਮ ਦੀ ਅਗਵਾਈ ਕਰਨਗੇ ਮਨਪ੍ਰੀਤ ਸਿੰਘ

ਨਵੀਂ ਦਿੱਲੀ (ਭਾਸ਼ਾ) : ਮਨਪ੍ਰੀਤ ਸਿੰਘ ਓਲੰਪਿਕ ਚੈਂਪੀਅਨ ਅਰਜਨਟੀਨਾ ਖ਼ਿਲਾਫ਼ ਅਗਲੇ ਮਹੀਨੇ ਐਫ.ਆਈ.ਐਚ. (ਅੰਤਰਾਸ਼ਟਰੀ ਹਾਕੀ ਮਹਾਸੰਘ) ਪ੍ਰੋ ਲੀਗ ਮੈਚਾਂ ਵਿਚ ਭਾਰਤੀ ਟੀਮ ਦੀ ਅਗਵਾਈ ਕਰਨਗੇ। ਮਨਪ੍ਰੀਤ ਨਿੱਜੀ ਕਾਰਨਾਂ ਦੀ ਵਜ੍ਹਾ ਨਾਲ ਹਾਲ ਹੀ ਵਿਚ ਯੂਰਪ ਦੌਰੇ ’ਤੇ ਨਹੀਂ ਗਏ ਸਨ। ਡ੍ਰੈਗ ਫਿਲਕਰ ਰੂਪਿੰਦਰ ਸਿੰਘ ਅਤੇ ਵਰੁਣ ਕੁਮਾਰ ਦੀ ਵੀ ਟੀਮ ਵਿਚ ਵਾਪਸੀ ਹੋਈ ਹੈ। ਉਹ ਜ਼ਖ਼ਮੀ ਹੋਣ ਕਾਰਨ ਪਿਛਲੇ ਦੌਰੇ ’ਤੇ ਨਹੀਂ ਜਾ ਸਕੇ ਸਨ। 

ਹਾਕੀ ਇੰਡੀਆ ਨੇ 22 ਮੈਂਬਰੀ ਟੀਮ ਘੋਸ਼ਿਤ ਕੀਤੀ ਹੈ, ਜੋ ਬਿਊਨਸ ਆਇਰਸ ਵਿਚ 11 ਅਤੇ 12 ਅਪ੍ਰੈਲ ਨੂੰ ਅਰਜਨਟੀਨਾ ਦਾ ਸਾਹਮਣਾ ਕਰੇਗੀ। ਭਾਰਤ ਇਸ ਦੇ ਇਲਾਵਾ ਜੁਲਾਈ ਵਿਚ ਹੋਣ ਵਾਲੇ ਟੋਕੀਓ ਓਲੰਪਿਕ ਦੀਆਂ ਤਿਆਰੀਆਂ ਦੇ ਸਿਲਸਿਲੇ ਵਿਚ ਅਰਜਨਟੀਨਾ ਖ਼ਿਲਾਫ਼ 6 ਤੋਂ 7 ਅਪ੍ਰੈਲ ਅਤੇ 13 ਤੋਂ 14 ਅਪ੍ਰੈਲ ਨੂੰ ਅਭਿਆਸ ਮੈਚ ਵੀ ਖੇਡੇਗਾ। ਟੀਮ ਵਿਚ ਗੋਲਕੀਪਰ ਪੀ.ਆਰ. ਸ਼੍ਰੀਜੇਸ਼, ਕ੍ਰਿਸ਼ਣਾ ਬਹਾਦੁਰ ਪਾਠਕ, ਅਮਿਤ ਰੋਹਿਦਾਸ, ਗੁਰਿੰਦਰ ਸਿਘ, ਸੁਰਿੰਦਰ ਕੁਮਾਰ, ਬਰਿੰਦਰ ਲਕੜਾ, ਹਾਰਦਿਕ ਸਿੰਘ, ਵਿਵਕੇ ਸਾਗਰ ਪ੍ਰਸਾਦ, ਰਾਜ ਕੁਮਾਰ ਪਾਲ, ਨੀਲਕਾਂਤ ਸ਼ਰਮਾ, ਸ਼ਮਸ਼ੇਰ ਸਿੰਘ, ਗੁਰਜੰਟ ਸਿੰਘ, ਦਿਲਪ੍ਰੀਤ ਸਿੰਘ, ਮਨਦੀਪ ਸਿੰਘ ਅਤੇ ਲਲਿਤ ਕੁਮਾਰ ਉਪਾਧਿਆਏ ਵੀ ਸ਼ਾਮਲ ਹਨ। 

ਜਸਕਰਨ ਸਿੰਘ, ਸੁਮਿਤ ਅਤੇ ਸ਼ੈਲਾਨੰਦ ਲਾਕੜਾ ਨੂੰ ਵੀ ਟੀਮ ਵਿਚ ਰੱਖਿਆ ਗਿਆ ਹੈ। ਆਕਾਸ਼ਦੀਪ ਸਿੰਘ, ਰਨਮਦੀਪ ਸਿੰਘ ਅਤੇ ਸਿਮਰਨਜੀਤ ਸਿੰਘ ਨੂੰ ਆਰਾਮ ਦਿੱਤਾ ਗਿਆ ਹੈ। ਮੁੱਖ ਕੋਚ ਗ੍ਰਾਹਮ ਰੀਡ ਨੇ ਬਿਆਨ ਵਿਚ ਕਿਹਾ, ‘ਅਸੀਂ 22 ਖਿਡਾਰੀਆਂ ਦੀ ਟੀਮ ਲੈ ਕੇ ਜਾ ਰਹੇ ਹਾਂ। ਇਹ ਟੋਕੀਓ  ਓਲੰਪਿਕ ਤੋਂ ਪਹਿਲਾਂ ਖਿਡਾਰੀਆਂ ਨੂੰ ਅਨੁਭਵ ਦਿਵਾਉਣ ਅਤੇ ਉਨ੍ਹਾਂ ਨੂੰ ਅੰਤਰਰਾਸ਼ਟਰੀ ਪੱਧਰ ’ਤੇ ਚੰਗਾ ਪ੍ਰਦਰਸ਼ਨ ਕਰਨ ਦਾ ਮੌਕਾ ਦੇਣ ਵਿਚਾਲੇ ਸੰਤੁਲਨ ਬਣਾਉਣ ਦੀ ਕੋਸ਼ਿਸ਼ ਹੈ।’ ਟੀਮ ਬੁੱਧਵਾਰ ਨੂੰ ਬਿਊਨਸ ਆਇਰਸ ਲਈ ਰਵਾਨਾ ਹੋਵੇਗੀ।
 


author

cherry

Content Editor

Related News