ਏਸ਼ੀਆਈ ਖੇਡਾਂ : ਅਪੂਰਵੀ-ਰਵੀ ਨੇ ਦਿਵਾਇਆ ਏਸ਼ੀਆਡ 'ਚ ਪਹਿਲਾ ਤਮਗਾ

Sunday, Aug 19, 2018 - 01:19 PM (IST)

ਜਕਾਰਤਾ— ਭਾਰਤੀ ਨਿਸ਼ਾਨੇਬਾਜ਼ ਅਪੂਰਵੀ ਚੰਦੇਲਾ ਅਤੇ ਰਵੀ ਕੁਮਾਰ ਦੀ ਜੋੜੀ ਨੇ 18ਵੀਂ ਏਸ਼ੀਆਈ ਖੇਡਾਂ 'ਚ ਐਤਵਾਰ ਨੂੰ ਨਿਸ਼ਾਨੇਬਾਜ਼ੀ 'ਚ 10 ਮੀਟਰ ਏਅਰ ਰਾਈਫਲ ਮਿਕਸਡ ਟੀਮ ਮੁਕਾਬਲੇ 'ਚ ਕਾਂਸੀ ਤਮਗੇ ਦੇ ਨਾਲ ਭਾਰਤ ਦਾ ਤਮਗਾ ਖਾਤਾ ਖੋਲ ਦਿੱਤਾ ਹੈ। ਇੰਡੋਨੇਸ਼ੀਆ ਦੇ ਜਕਾਰਤਾ ਅਤੇ ਪਾਲੇਮਬੰਗ 'ਚ ਆਯੋਜਿਤ ਏਸ਼ੀਆਈ ਖੇਡਾਂ 'ਚ ਐਤਵਾਰ ਨੂੰ ਪ੍ਰਤੀਯੋਗਿਤਾਵਾਂ ਸ਼ੁਰੂ ਹੋਈਆਂ ਹਨ ਜਿਸ 'ਚ ਅਪੂਰਵੀ ਅਤੇ ਰਵੀ ਨੇ 10 ਮੀਟਰ ਏਅਰ ਰਾਈਫਲ ਮਿਕਸਡ ਟੀਮ ਵਰਗ ਦੇ ਫਾਈਨਲ 'ਚ ਤੀਜੇ ਸਥਾਨ 'ਤੇ ਰਹਿੰਦੇ ਹੋਏ ਤਮਗਾ ਜਿੱਤਿਆ।

ਭਾਰਤੀ ਜੋੜੀ ਨੇ ਕੁੱਲ 429.9 ਅੰਕਾਂ ਦੇ ਨਾਲ ਕਾਂਸੀ ਤਮਗਾ ਜਿੱਤਿਆ ਜੋ ਏਸ਼ੀਆਡ 'ਚ ਭਾਰਤ ਦਾ ਕਿਸੇ ਵੀ ਮੁਕਾਬਲੇ 'ਚ ਪਹਿਲਾ ਤਮਗਾ ਹੈ। ਇਸ ਮੁਕਾਬਲੇ 'ਚ ਚੀਨੀ ਤਾਈਪੇ ਦੀ ਯਿੰਗਸ਼ਿਨ ਲਿਨ ਅਤੇ ਸ਼ਾਓਚੁਆਨ ਲੂ ਦੀ ਜੋੜੀ ਨੇ ਖੇਡਾਂ ਦਾ ਰਿਕਾਰਡ ਬਣਾਉਂਦੇ ਹੋਏ 494.1 ਅੰਕ ਦੇ ਨਾਲ ਸੋਨ ਤਮਗਾ ਜਦਕਿ ਰੂਝੂ ਝਾਓ ਅਤੇ ਹਾਰੇਨ ਯਾਂਗ ਦੀ ਚੀਨੀ ਜੋੜੀ ਨੇ 492.5 ਅੰਕਾਂ ਦੇ ਨਾਲ ਚਾਂਦੀ ਦਾ ਤਮਗਾ ਜਿੱਤਿਆ।

PunjabKesari
ਹਾਲਾਂਕਿ ਅਪੂਰਵੀ ਅਤੇ ਰਵੀ ਦੀ ਭਾਰਤੀ ਜੋੜੀ ਨੇ ਫਾਈਨਲ 'ਚ ਚੰਗੀ ਸ਼ੁਰੂਆਤ ਕੀਤੀ ਅਤੇ ਕਾਫੀ ਸਮੇਂ ਤੱਕ ਦੂਜਾ ਸਥਾਨ ਬਣਾਏ ਰਖਿਆ ਪਰ 34 ਸ਼ਾਟਸ ਦੇ ਬਾਅਦ ਉਹ ਤੀਜੇ ਸਥਾਨ 'ਤੇ ਖਿਸਕ ਗਏ। 38 ਸ਼ਾਟਸ ਦੇ ਬਾਅਦ ਭਾਰਤੀ ਜੋੜੀ 390.2 ਦੇ ਸਕੋਰ 'ਤੇ ਚੀਨ ਦੇ ਨਾਲ ਸੰਯੁਕਤ ਦੂਜੇ ਸਥਾਨ 'ਤੇ ਪਹੁੰਚੀ ਪਰ ਅੰਤ 'ਚ ਚੀਨ ਨੇ ਭਾਰਤ ਨੂੰ ਤੀਜੇ ਸਥਾਨ 'ਤੇ ਪਛਾੜ ਦਿੱਤਾ।


Related News