ਅਨਮੋਲਪ੍ਰੀਤ ਬਣਿਆ ਸਭ ਤੋਂ ਤੇਜ਼ ਸੈਂਕੜਾ ਲਾਉਣ ਵਾਲਾ ਭਾਰਤੀ

Sunday, Dec 22, 2024 - 01:20 PM (IST)

ਅਨਮੋਲਪ੍ਰੀਤ ਬਣਿਆ ਸਭ ਤੋਂ ਤੇਜ਼ ਸੈਂਕੜਾ ਲਾਉਣ ਵਾਲਾ ਭਾਰਤੀ

ਅਹਿਮਦਾਬਾਦ– ਵਿਜੇ ਹਜ਼ਾਰੇ ਟਰਾਫੀ ਦੇ ਇਕ ਮੈਚ ਵਿਚ ਅਰੁਣਚਾਲ ਪ੍ਰਦੇਸ਼ ਵਿਰੁੱਧ ਪੰਜਾਬ ਦੇ ਅਨਮੋਲਪ੍ਰੀਤ ਸਿੰਘ ਨੇ ਸਿਰਫ 35 ਗੇਂਦਾਂ ਵਿਚ ਸੈਂਕੜਾ ਪੂਰਾ ਕੀਤਾ। ਇਸ ਕਾਰਨਾਮੇ ਦੇ ਨਾਲ ਉਹ ਲਿਸਟ-ਏ ਵਿਚ ਸਭ ਤੋਂ ਤੇਜ਼ ਸੈਂਕੜਾ ਲਾਉਣ ਵਾਲਾ ਭਾਰਤੀ ਬਣ ਗਿਆ। ਇਸ ਮਾਮਲੇ ਵਿਚ ਜੈਕ ਫ੍ਰੇਜ਼ਰ ਮੈਕਗੁਰਕ (29 ਗੇਂਦਾਂ) ਤੇ ਏ. ਬੀ. ਡਿਵਿਲੀਅਰਸ (31 ਗੇਂਦਾਂ) ਉਸ ਤੋਂ ਅੱਗੇ ਹਨ।

ਅਰੁਣਾਚਲ ਪ੍ਰਦੇਸ਼ ਵਿਰੁੱਧ ਨੰਬਰ-3 ’ਤੇ ਬੱਲੇਬਾਜ਼ੀ ਕਰਨ ਆਏ ਅਨਮੋਲਪ੍ਰੀਤ ਨੇ 11 ਚੌਕਿਆਂ ਤੇ 8 ਛੱਕਿਆਂ ਦੀ ਮਦਦ ਨਾਲ ਆਪਣਾ ਸੈਂਕੜਾ ਪੂਰਾ ਕੀਤਾ। ਅਨਮੋਲਪ੍ਰੀਤ ਨੇ ਆਫ ਸਪਿਨਰ ਤੇਚੀ ਨੇਰੀ ਨੂੰ ਵਿਸ਼ੇਸ਼ ਤੌਰ ’ਤੇ ਨਿਸ਼ਾਨਾ ਬਣਾਇਆ, ਜਿਸ ਨੇ ਆਪਣੇ ਇਕਲੌਤੇ ਓਵਰ ਵਿਚ 31 ਦੌੜਾਂ ਦਿੱਤੀਆਂ।

ਅਨਮੋਲਪ੍ਰੀਤ ਦੇ ਧਮਾਕੇਦਾਰ ਅੰਦਾਜ਼ ਦੀ ਬਦੌਲਤ ਪੰਜਾਬ ਨੇ ਅਰੁਣਾਚਲ ਪ੍ਰਦੇਸ਼ ਦੀਆਂ 164 ਦੌੜਾਂ ਦੇ ਟੀਚੇ ਨੂੰ ਸਿਰਫ 12.5 ਓਵਰਾਂ ਵਿਚ ਹਾਸਲ ਕਰ ਲਿਆ। ਅਨਮੋਲਪ੍ਰੀਤ ਨੇ 45 ਗੇਂਦਾਂ ਵਿਚ 115 ਦੌੜਾਂ ਬਣਾਈਆਂ, ਉੱਥੇ ਹੀ, ਪ੍ਰਭਸਿਮਰਨ ਸਿੰਘ 25 ਗੇਂਦਾਂ ਵਿਚ 35 ਦੌੜਾਂ ਬਣਾ ਕੇ ਅਜੇਤੂ ਰਿਹਾ। ਡਿਵਿਲੀਅਰਸ ਨੇ 2015 ਵਿਚ ਜੋਹਾਨਸਬਰਗ ਵਿਚ ਵੈਸਟਇੰਡੀਜ਼ ਵਿਰੁੱਧ 44 ਗੇਂਦਾਂ ’ਚ 149 ਦੌੜਾਂ ਬਣਾ ਕੇ ਸਭ ਤੋਂ ਤੇਜ਼ ਲਿਸਟ-ਏ ਸੈਂਕੜੇ ਦਾ ਰਿਕਾਰਡ ਤੋੜਿਆ ਸੀ, ਜਿਹੜਾ ਅਜੇ ਵੀ ਸਭ ਤੋਂ ਤੇਜ਼ ਵਨ ਡੇ ਸੈਂਕੜਾ ਹੈ। ਇਸ ਤੋਂ ਪਹਿਲਾਂ ਇਹ ਰਿਕਾਰਡ 2014 ਵਿਚ ਨਿਊਜ਼ੀਲੈਂਡ ਦੇ ਕੋਰੀ ਐਂਡਰਸਨ ਨੇ ਵੈਸਟਇੰਡੀਜ਼ ਵਿਰੁੱਧ 36 ਗੇਂਦਾਂ ਵਿਚ ਬਣਾਇਆ ਸੀ। ਡਿਵਿਲੀਅਰਸ ਦਾ ਲਿਸਟ-ਏ ਰਿਕਾਰਡ ਤਦ ਟੁੱਟਿਆ ਸੀ, ਜਦੋਂ ਫ੍ਰੇਜ਼ਰ ਮੈਕਗੁਰਕ ਨੇ ਅਕਤੂਬਰ 2023 ਵਿਚ ਮਾਰਸ਼ ਕੱਪ ਵਿਚ 29 ਗੇਂਦਾਂ ਵਿਚ ਸੈਂਕੜਾ ਬਣਾ ਦਿੱਤਾ।

ਅਨਮੋਲਪ੍ਰੀਤ ਇੰਡੀਅਨ ਪ੍ਰੀਮੀਅਰ ਲੀਗ ਵਿਚ ਮੁੰਬਈ ਇੰਡੀਅਨਜ਼ ਤੇ ਸਨਰਾਈਜ਼ਰਜ਼ ਹੈਦਰਾਬਦ ਲਈ ਖੇਡ ਚੁੱਕਾ ਹੈ। ਹਾਲਾਂਕਿ ਹਾਲ ਹੀ ਵਿਚ ਹੋਈ ਆਈ. ਪੀ. ਐੱਲ. ਨਿਲਾਮੀ ਵਿਚ ਉਸ ਨੂੰ ਕੋਈ ਖਰੀਦਦਾਰ ਨਹੀਂ ਮਿਲਿਆ ਸੀ।


author

Tarsem Singh

Content Editor

Related News