ਗ੍ਰੇਂਕੇ ਮਾਸਟਰਸ : ਆਨੰਦ ਨੇ ਵਿਸ਼ਵ ਚੈਂਪੀਅਨ ਕਾਰਲਸਨ ਨਾਲ ਡਰਾਅ ਖੇਡਿਆ
Tuesday, Apr 23, 2019 - 07:47 PM (IST)

ਕਾਰਲਜੂਏ (ਨਿਕਲੇਸ਼ ਜੈਨ)— ਗ੍ਰੇਂਕੇ ਮਾਸਟਰਸ ਸ਼ਤਰੰਜ ਚੈਂਪੀਅਨਸ਼ਿਪ ਵਿਚ ਵਿਸ਼ਵ ਨੰਬਰ-6 ਭਾਰਤ ਦੇ ਵਿਸ਼ਵਨਾਥਨ ਆਨੰਦ ਸਮੇਤ ਦੁਨੀਆ ਦੇ ਚੋਟੀ ਦੇ ਸਾਰੇ ਧਾਕੜ ਖਿਡਾਰੀ ਹਿੱਸਾ ਲੈ ਰਹੇ ਹਨ। ਨਾਰਵੇ ਦੇ ਮੌਜੂਦਾ ਵਿਸ਼ਵ ਚੈਂਪੀਅਨ ਤੇ ਵਿਸ਼ਵ ਨੰਬਰ ਇਕ ਮੈਗਨਸ ਕਾਰਲਸਨ, ਵਿਸ਼ਵ ਨੰਬਰ-2 ਅਮਰੀਕਾ ਦਾ ਫਾਬਿਆਨੋ ਕਰੂਆਨਾ, ਵਿਸ਼ਵ ਨੰਬਰ-7 ਫਰਾਂਸ ਦਾ ਮੈਕਿਸਮ ਲਾਗ੍ਰੇਵ, ਵਿਸ਼ਵ ਨੰਬਰ-10 ਅਰਮੀਨੀਆ ਦਾ ਲੇਵਾਨ ਅਰੋਨੀਅਨ ਤਾਂ ਖੇਡ ਹੀ ਰਹੇ ਹਨ, ਨਾਲ ਹੀ ਰੂਸ ਦਾ ਪੀਟਰ ਸਵੀਡਲਰ, ਅਜਰਬੇਜ਼ਾਨ ਦਾ ਅਕਾਰਡੀ ਨਾਈਡਿਸ਼, ਸਪੇਨ ਦਾ ਫ੍ਰਾਂਸਿਸਕੋ ਵੋਲੇਜੋਂ ਪੋਂਸ ਤੇ ਜਰਮਨੀ ਦਾ ਜਾਰਜ ਮੇਰਰ ਵਰਗੇ ਤਜਰਬੇਕਾਰ ਖਿਡਾਰੀ ਵੀ ਹਿੱਸਾ ਲੈ ਰਹੇ ਹਨ ਪਰ ਚੈਂਪੀਅਨਸ਼ਿਪ ਵਿਚ ਸਭ ਤੋਂ ਵੱਧ ਖਿੱਚ ਦਾ ਕੇਂਦਰ ਹੈ 14 ਸਾਲਾ ਜਰਮਨ ਦੀ ਕੇਮਰ ਵਿਨਸੇਂਟ।
ਹੁਣ ਤਕ 3 ਰਾਊਂਡ ਖੇਡੇ ਜਾ ਚੁੱਕੇ ਹਨ। ਪਹਿਲੇ ਰਾਊਂਡ ਵਿਚ ਡਰਾਅ ਤੇ ਦੂਜੇ ਰਾਊਂਡ ਵਿਚ ਜਿੱਤ ਤੋਂ ਬਾਅਦ ਤੀਜੇ ਰਾਊਂਡ ਵਿਚ ਆਨੰਦ ਦੇ ਸਾਹਮਣੇ ਸੀ ਵਿਸ਼ਵ ਚੈਂਪੀਅਨ ਮੈਗਨਸ ਕਾਰਲਸਨ, ਜਿਸਦੇ ਸਾਹਮਣੇ ਲਗਾਤਾਰ ਪਿਛਲੇ ਕੁਝ ਮੈਚਾਂ ਵਿਚ ਆਨੰਦ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਕਾਲੇ ਮੋਹਰਿਆਂ ਨਾਲ ਵਿਸ਼ਵ ਚੈਂਪੀਅਨ ਦਾ ਮੁਕਾਬਲਾ ਕਰਨਾ ਸੀ। ਇੰਗਲਿਸ਼ ਓਪਨਿੰਗ ਵਿਚ ਹੋਏ ਇਸ ਮੁਕਾਬਲੇ ਵਿਚ ਆਨੰਦ 'ਤੇ ਕਾਰਲਸਨ ਨੇ ਸ਼ੁਰੂਆਤ ਤੋਂ ਹੀ ਜ਼ੋਰਦਾਰ ਹਮਲਾ ਕੀਤਾ ਤੇ ਆਨੰਦ ਪੂਰੇ ਮੈਚ ਵਿਚ ਬਚਾਅ ਕਰਦਾ ਰਿਹਾ ਤੇ ਅੰਤ 63 ਚਾਲਾਂ ਤਕ ਚੱਲੇ ਇਸ ਮੁਕਾਬਲੇ ਨੂੰ ਡਰਾਅ ਰੱਖਣ ਵਿਚ ਉਹ ਕਾਮਯਾਬ ਰਿਹਾ।