ਜਲੰਧਰ ਦੇ ਸਟਾਰ ਓਲੰਪੀਅਨ ਮਨਦੀਪ ਸਿੰਘ ਨੇ ਮਹਿਲਾ ਹਾਕੀ ਟੀਮ ਦੀ ਉਦਿਤਾ ਨਾਲ ਲਈਆਂ ਲਾਵਾਂ
Friday, Mar 21, 2025 - 04:08 PM (IST)

ਸਪੋਰਟਸ ਡੈਸਕ- ਜਲੰਧਰ ਦੇ ਹਾਕੀ ਖਿਡਾਰੀ ਓਲੰਪੀਅਨ ਮਨਦੀਪ ਸਿੰਘ ਅੱਜ ਹਰਿਆਣਾ ਦੇ ਹਿਸਾਰ ਦੀ ਰਹਿਣ ਵਾਲੀ ਭਾਰਤੀ ਮਹਿਲਾ ਹਾਕੀ ਟੀਮ ਦੀ ਖਿਡਾਰਨ ਉਦਿਤਾ ਕੌਰ ਨਾਲ ਵਿਆਹ ਦੇ ਬੰਧਨ 'ਚ ਬੱਝ ਗਏ ਹਨ। ਦੋਵਾਂ ਹਾਕੀ ਖਿਡਾਰੀਆਂ ਦੇ ਜੋੜੇ ਨੇ ਜਲੰਧਰ ਦੇ ਮਾਡਲ ਟਾਊਨ ਸਥਿਤ ਗੁਰਦੁਆਰਾ ਸਾਹਿਬ ਵਿਖੇ ਲਾਵਾਂ ਲਈਆਂ।
ਜਲੰਧਰ ਦੇ ਮਿੱਠਾਪੁਰ ਦੇ ਰਹਿਣ ਵਾਲੇ ਮਨਦੀਪ ਸਿੰਘ ਦਾ ਜਨਮ 25 ਜਨਵਰੀ 1995 ਨੂੰ ਹੋਇਆ ਸੀ, ਜਦਕਿ ਉਦਿਤਾ ਦਾ ਜਨਮ ਹਿਸਾਰ ਦੇ ਪਿੰਡ ਨੰਗਲ ਵਿਖੇ 14 ਜਨਵਰੀ 1998 ਨੂੰ ਹੋਇਆ ਸੀ। ਮਨਦੀਪ ਸਿੰਘ ਹਾਕੀ ਦੇ ਨਾਲ-ਨਾਲ ਇਸ ਸਮੇਂ ਪੰਜਾਬ ਪੁਲਸ 'ਚ ਬਤੌਰ ਡੀ.ਐੱਸ.ਪੀ. ਤਾਇਨਾਤ ਹਨ, ਜਦਕਿ ਹਾਕੀ ਤੋਂ ਪਹਿਲਾਂ ਹੈਂਡਬਾਲ ਖੇਡ ਚੁੱਕੀ ਉਦਿਤਾ ਭਾਰਤੀ ਹਾਕੀ ਟੀਮ ਦੀ ਅਹਿਮ ਖਿਡਾਰਨ ਹੈ ਤੇ ਉਹ ਮਾਡਲਿੰਗ ਵੀ ਕਰਦੀ ਹੈ।
ਇਸ ਵਿਆਹ ਸਮਾਗਮ 'ਚ ਪੂਰੀ ਭਾਰਤੀ ਹਾਕੀ ਟੀਮ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਦੋਵਾਂ ਪਰਿਵਾਰਾਂ 'ਚ ਖੁਸ਼ੀਆਂ ਦਾ ਮਾਹੌਲ ਹੈ ਤੇ ਮਨਦੀਪ ਦੀ ਮਾਂ ਨੇ ਕਿਹਾ ਕਿ ਉਹ ਉਦਿਤਾ ਨੂੰ ਨੂੰਹ ਨਹੀਂ, ਆਪਣੀ ਧੀ ਬਣਾ ਕੇ ਰੱਖਣਗੇ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e