U-19 WC: ਭਾਰਤ ਦੇ ਗੱਭਰੂਆਂ ਨੇ ਇੰਗਲੈਂਡ ਨੂੰ ਚਟਾਈ ਧੂੜ; ਅਮਿਤਾਭ ਬੋਲੇ- "ਠੋਕ ਦਿੱਤਾ ਦੁਸ਼ਮਣਾਂ ਨੂੰ!"
Saturday, Feb 07, 2026 - 05:52 PM (IST)
ਮੁੰਬਈ : ਭਾਰਤੀ ਅੰਡਰ-19 ਕ੍ਰਿਕਟ ਟੀਮ ਨੇ ਇਕ ਵਾਰ ਫਿਰ ਵਿਸ਼ਵ ਪੱਧਰ 'ਤੇ ਤਿਰੰਗਾ ਲਹਿਰਾ ਕੇ ਦੇਸ਼ ਦਾ ਨਾਂ ਰੌਸ਼ਨ ਕਰ ਦਿੱਤਾ ਹੈ। ਹਰਾਰੇ ਸਪੋਰਟਸ ਕਲੱਬ ਵਿੱਚ ਖੇਡੇ ਗਏ ਫਾਈਨਲ ਮੁਕਾਬਲੇ ਵਿੱਚ ਭਾਰਤ ਨੇ ਇੰਗਲੈਂਡ ਨੂੰ 100 ਦੌੜਾਂ ਨਾਲ ਕਰਾਰੀ ਮਾਤ ਦੇ ਕੇ ਛੇਵੀਂ ਵਾਰ ICC ਅੰਡਰ-19 ਪੁਰਸ਼ ਕ੍ਰਿਕਟ ਵਿਸ਼ਵ ਕੱਪ ਦਾ ਖਿਤਾਬ ਆਪਣੇ ਨਾਂ ਕੀਤਾ। ਇਸ ਸ਼ਾਨਦਾਰ ਜਿੱਤ ਤੋਂ ਬਾਅਦ ਅਦਾਕਾਰ ਅਮਿਤਾਭ ਬੱਚਨ ਨੇ ਟੀਮ ਨੂੰ ਵਧਾਈ ਦਿੰਦਿਆਂ ਵਿਰੋਧੀਆਂ 'ਤੇ ਤਿੱਖਾ ਨਿਸ਼ਾਨਾ ਸਾਧਿਆ ਹੈ।
ਬਿੱਗ ਬੀ ਨੇ ਟਵੀਟ ਕਰ ਜਤਾਇਆ ਮਾਣ
ਅਮਿਤਾਭ ਬੱਚਨ ਨੇ ਸੋਸ਼ਲ ਮੀਡੀਆ ਪਲੇਟਫਾਰਮ 'X' 'ਤੇ ਆਪਣੀ ਖੁਸ਼ੀ ਸਾਂਝੀ ਕਰਦਿਆਂ ਲਿਖਿਆ, "U19 ਕ੍ਰਿਕਟ ਇੰਡੀਆ.. ਵਰਲਡ ਚੈਂਪੀਅਨ! ਠੋਕ ਦਿੱਤਾ ਦੁਸ਼ਮਣਾਂ ਨੂੰ!! ਬਲਾਈਂਡ, ਮਹਿਲਾ ਅਤੇ ਪੁਰਸ਼ ਕ੍ਰਿਕਟ.. ਸਾਰੇ ਵਿਸ਼ਵ ਜੇਤੂ ਹਨ। ਅਸੀਂ ਨੰਬਰ 1 ਹਾਂ.. ਦੁਨੀਆ ਵਿੱਚ ਸਭ ਤੋਂ ਉੱਪਰ। ਅਸੀਂ 'ਤੀਜੀ ਦੁਨੀਆ' (3rd World) ਨਹੀਂ, ਸਗੋਂ 'ਪਹਿਲੀ ਦੁਨੀਆ' (First World) ਹਾਂ!! ਭਾਰਤ ਮਾਤਾ ਦੀ ਜੈ।"
14 ਸਾਲਾ ਵੈਭਵ ਸੂਰਿਆਵੰਸ਼ੀ ਨੇ ਰਚਿਆ ਇਤਿਹਾਸ
ਭਾਰਤ ਦੀ ਇਸ ਜਿੱਤ ਦਾ ਹੀਰੋ 14 ਸਾਲਾ ਨੌਜਵਾਨ ਬੱਲੇਬਾਜ਼ ਵੈਭਵ ਸੂਰਿਆਵੰਸ਼ੀ ਰਿਹਾ। ਵੈਭਵ ਨੇ ਮੈਦਾਨ ਦੇ ਚਾਰੇ ਪਾਸੇ ਚੌਕਿਆਂ-ਛੱਕਿਆਂ ਦੀ ਬਾਰਿਸ਼ ਕਰਦਿਆਂ ਮਹਿਜ਼ 80 ਗੇਂਦਾਂ ਵਿੱਚ 175 ਦੌੜਾਂ ਦੀ ਤੂਫਾਨੀ ਪਾਰੀ ਖੇਡੀ। ਆਪਣੀ ਇਸ ਪਾਰੀ ਦੌਰਾਨ ਉਸ ਨੇ 15 ਚੌਕੇ ਅਤੇ 15 ਛੱਕੇ ਜੜੇ। ਇਹ ਇਸ ਟੂਰਨਾਮੈਂਟ ਦੇ ਇਤਿਹਾਸ ਵਿੱਚ ਕਿਸੇ ਵੀ ਬੱਲੇਬਾਜ਼ ਵੱਲੋਂ ਫਾਈਨਲ ਵਿੱਚ ਬਣਾਇਆ ਗਿਆ ਸਭ ਤੋਂ ਵੱਡਾ ਨਿੱਜੀ ਸਕੋਰ ਹੈ।
ਮੈਚ ਦਾ ਹਾਲ
ਭਾਰਤ ਦਾ ਸਕੋਰ: ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 9 ਵਿਕਟਾਂ ਦੇ ਨੁਕਸਾਨ 'ਤੇ 411 ਦੌੜਾਂ ਦਾ ਵਿਸ਼ਾਲ ਸਕੋਰ ਖੜ੍ਹਾ ਕੀਤਾ। ਕਪਤਾਨ ਆਯੁਸ਼ ਮਹਾਤਰੇ (53) ਅਤੇ ਅਭਿਗਿਆਨ ਕੁੰਡੂ (40) ਨੇ ਵੀ ਅਹਿਮ ਯੋਗਦਾਨ ਪਾਇਆ।
ਇੰਗਲੈਂਡ ਦੀ ਪਾਰੀ: ਵੱਡੇ ਟੀਚੇ ਦਾ ਪਿੱਛਾ ਕਰਨ ਉਤਰੀ ਇੰਗਲੈਂਡ ਦੀ ਟੀਮ ਨੂੰ ਭਾਰਤੀ ਗੇਂਦਬਾਜ਼ਾਂ ਨੇ ਵਖਤ ਪਾਈ ਰੱਖਿਆ। ਹਾਲਾਂਕਿ ਕਾਲੇਬ ਫਾਲਕਨਰ ਨੇ 115 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ, ਪਰ ਉਹ ਆਪਣੀ ਟੀਮ ਨੂੰ ਹਾਰ ਤੋਂ ਨਹੀਂ ਬਚਾ ਸਕੇ। ਪੂਰੀ ਟੀਮ ਭਾਰਤ ਦੇ ਸਕੋਰ ਤੋਂ 100 ਦੌੜਾਂ ਪਿੱਛੇ ਰਹਿ ਗਈ।

