ਆਸਟਰੇਲੀਆਈ ਟੈਨਿਸ ਖਿਡਾਰੀ ਡਿ ਮਿਨਾਉਰ ਨੂੰ ਲੱਗਾ ਵੱਡਾ ਝਟਕਾ, ਓਲੰਪਿਕ ਤੋਂ ਬਾਹਰ

Friday, Jul 16, 2021 - 06:17 PM (IST)

ਟੋਕੀਓ— ਆਸਟਰੇਲੀਆਈ ਟੈਨਿਸ ਖਿਡਾਰੀ ਐਲੇਕਸ ਡਿ ਮਿਨਾਉਰ ਕੋਰੋਨਾ ਪਾਜ਼ੇਟਿਵ ਪਾਏ ਜਾਣ ਦੇ ਬਾਅਦ ਟੋਕੀਓ ਓਲੰਪਿਕ ਤੋਂ ਬਾਹਰ ਹੋ ਗਏ ਹਨ। ਆਸਟਰੇਲੀਆਈ ਓਲੰਪਿਕ ਟੀਮ ਦੇ ਦਲ ਦੇ ਪ੍ਰਮੁੱਖ ਇਆਨ ਚੇਸਟਰਮੈਨ ਨੇ ਮੀਡੀਆ ਨੂੰ ਦੱਸਿਆ ਕਿ ਮਿਨਾਉਰ ਇਸ ਘਟਨਾ ਤੋਂ ਦੁਖੀ ਹਨ। ਉਨ੍ਹਾਂ ਕਿਹਾ, ‘‘ਅਸੀਂ ਸਾਰੇ ਐਲੇਕਸ ਦੇ ਲਈ ਦੁਖੀ ਹਾਂ। ਓਲੰਪਿਕ ’ਚ ਆਸਟਰੇਲੀਆ ਲਈ ਖੇਡਣਾ ਬਚਪਨ ਤੋਂ ਉਸ ਦਾ ਸੁਫ਼ਨਾ ਸੀ।’’

ਵਿਸ਼ਵ ਰੈਂਕਿੰਗ ’ਚ 17ਵੇਂ ਸਥਾਨ ’ਤੇ ਕਾਬਜ ਮਿਨਾਉਰ ਨੂੰ ਸਿੰਗਲ ਤੇ ਡਬਲਜ਼ ਦੋਹਾਂ ਵਰਗਾਂ ’ਚ ਖੇਡਣਾ ਸੀ। ਅਜੇ ਇਹ ਸਪੱਸ਼ਟ ਨਹੀਂ ਹੈ ਕਿ ਉਨ੍ਹਾਂ ਦੇ ਜੋੜੀਦਾਰ ਜਾਨ ਪੀਅਰਸੇ ਦੀ ਟੀਮ ’ਚ ਜਗ੍ਹਾ ਰਹੇਗੀ ਜਾਂ ਨਹੀਂ। ਆਸਟਰੇਲੀਆਈ ਓਲੰਪਿਕ ਕਮੇਟੀ ਨੇ ਸਿਡਨੀ ’ਚ ਜਾਰੀ ਇਕ ਬਿਆਨ ’ਚ ਕਿਹਾ, ‘‘ਐਲੇਕਸ ਨੇ ਟੋਕੀਓ ਜਾਣ ਤੋਂ 96 ਤੋਂ 72 ਘੰਟੇ ਪਹਿਲਾਂ ਵੀ ਕੋਰੋਨਾ ਟੈਸਟ ਕਰਾਇਆ ਸੀ ਪਰ ਦੋਵੇਂ ਨਤੀਜੇ ਪਾਜ਼ੇਟਿਵ ਨਿਕਲੇ।

ਮਿਨਾਉਰ ਨੂੰ ਸਪੇਨ ਤੋਂ ਟੋਕੀਓ ਜਾਣਾ ਸੀ। ਚੇਸਟਰਮੈਨ ਨੇ ਕਿਹਾ ਕਿ ਵਿੰਬਲਡਨ ਦੇ ਦੌਰਾਨ ਉਨ੍ਹਾਂ ਦਾ ਟੈਸਟ ਨੈਗੇਟਿਵ ਆਇਆ ਸੀ ਤੇ ਇਸ ਤੋਂ ਬਾਅਦ ਤੋਂ ਆਸਟਰੇਲੀਆਈ ਖਿਡਾਰੀ ਉਨ੍ਹਾਂ ਦੇ ਸੰਪਰਕ ’ਚ ਨਹੀਂ ਸੀ। ਆਸਟਰੇਲੀਆ ਦੇ ਬਾਕੀ ਖਿਡਾਰੀਆਂ ਦੀ ਰਿਪੋਰਟ ਨੈਗੇਟਿਵ ਆਈ ਹੈ। 


Tarsem Singh

Content Editor

Related News