ਜੋਕੋਵਿਚ ਨੂੰ ਪਛਾੜ ਕੇ ਦੁਨੀਆ ਦੇ ਨੰਬਰ 1 ਪੁਰਸ਼ ਟੈਨਿਸ ਖਿਡਾਰੀ ਬਣੇ ਕਾਰਲੋਸ ਅਲਕਾਰੇਜ਼
Tuesday, May 23, 2023 - 11:58 AM (IST)
ਪੈਰਿਸ (ਭਾਸ਼ਾ) : ਕਾਰਲੋਸ ਅਲਕਾਰੇਜ਼ ਨੇ ਤਾਜ਼ਾ ਏਟੀਪੀ ਰੈਂਕਿੰਗ ਵਿੱਚ ਨੋਵਾਕ ਜੋਕੋਵਿਚ ਨੂੰ ਪਛਾੜਦੇ ਹੋਏ ਵਿਸ਼ਵ ਦੇ ਨੰਬਰ ਇੱਕ ਪੁਰਸ਼ ਟੈਨਿਸ ਖਿਡਾਰੀ ਬਣ ਗਏ ਹਨ, ਜਿਸ ਨਾਲ ਉਨ੍ਹਾਂ ਨੂੰ ਫਰੈਂਚ ਓਪਨ ਵਿੱਚ ਚੋਟੀ ਦਾ ਦਰਜਾ ਮਿਲੇਗਾ। ਇਟਾਲੀਅਨ ਓਪਨ ਦਾ ਖਿਤਾਬ ਜਿੱਤਣ ਵਾਲੇ ਡੇਨੀਲ ਮੇਦਵੇਦੇਵ ਤਾਜ਼ਾ ਰੈਂਕਿੰਗ 'ਚ ਦੂਜੇ ਸਥਾਨ 'ਤੇ ਹਨ। ਰੋਮ 'ਚ ਡਿਫੈਂਡਿੰਗ ਚੈਂਪੀਅਨ ਦੇ ਰੂਪ 'ਚ ਉਤਰੇ ਜੋਕੋਵਿਚ ਨੂੰ ਚੌਥੇ ਦੌਰ 'ਚ ਹਾਰ ਦਾ ਸਾਹਮਣਾ ਕਰਨਾ ਪਿਆ, ਜਿਸ ਕਾਰਨ ਉਹ ਤੀਜੇ ਸਥਾਨ 'ਤੇ ਖਿਸਕ ਗਏ।
ਐਤਵਾਰ ਤੋਂ ਸ਼ੁਰੂ ਹੋ ਰਹੇ ਫਰੈਂਚ ਓਪਨ ਦੇ ਨਾਲ ਪਹਿਲੀ ਵਾਰ ਸਪੇਨ ਦੇ ਅਲਕਾਰੇਜ਼ ਨੂੰ ਕਿਸੇ ਗ੍ਰੈਂਡ ਸਲੈਮ ਟੂਰਨਾਮੈਂਟ 'ਚ ਚੋਟੀ ਦਾ ਦਰਜਾ ਪ੍ਰਾਪਤ ਹੋਵੇਗਾ। ਉਹ ਇਸ ਮਹੀਨੇ 20 ਸਾਲ ਦੇ ਹੋ ਜਾਣਗੇ। ਉਨ੍ਹਾਂ ਨੇ 2023 ਵਿਚ 30 ਮੈਚ ਜਿੱਤੇ ਹਨ, ਜਦਕਿ 3 ਵਿਚ ਉਨ੍ਹਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਦੂਜੇ ਪਾਸੇ ਡਿਫੈਂਡਿੰਗ ਫ੍ਰੈਂਚ ਓਪਨ ਚੈਂਪੀਅਨ ਈਗਾ ਸਵਿਏਟੇਕ ਡਬਲਯੂ.ਟੀ.ਏ. ਰੈਂਕਿੰਗ 'ਚ ਸਿਖਰ 'ਤੇ ਬਰਕਰਾਰ ਹੈ।
ਉਹ ਇੱਕ ਸਾਲ ਤੋਂ ਵੱਧ ਸਮੇਂ ਤੋਂ ਦੁਨੀਆ ਦੀ ਨੰਬਰ ਇੱਕ ਮਹਿਲਾ ਟੈਨਿਸ ਖਿਡਾਰਨ ਹੈ। ਉਨ੍ਹਾਂ ਤੋਂ ਬਾਅਦ ਦੂਜੇ ਸਥਾਨ 'ਤੇ ਆਸਟ੍ਰੇਲੀਅਨ ਓਪਨ ਦੀ ਜੇਤੂ ਅਰੀਨਾ ਸਬਾਲੇਂਕਾ ਹੈ। ਇਟਾਲੀਅਨ ਓਪਨ 'ਚ ਮਹਿਲਾ ਸਿੰਗਲ ਦਾ ਖਿਤਾਬ ਜਿੱਤਣ ਵਾਲੀ ਏਲੀਨਾ ਰਿਬਾਕੀਨਾ ਦੋ ਸਥਾਨਾਂ ਦੇ ਫਾਇਦੇ ਨਾਲ ਕਰੀਅਰ ਦੇ ਸਰਵੋਤਮ ਚੌਥੇ ਸਥਾਨ 'ਤੇ ਪਹੁੰਚ ਗਈ ਹੈ। ਜੈਸਿਕਾ ਪੇਗੁਲਾ ਤੀਜੇ ਸਥਾਨ 'ਤੇ ਬਰਕਰਾਰ ਹੈ।