ਅਜੀਤ ਅਗਰਕਰ ਬਣੇ ਭਾਰਤੀ ਟੀਮ ਦੇ ਨਵੇਂ ਮੁੱਖ ਚੋਣਕਰਤਾ, ਚੇਤਨ ਸ਼ਰਮਾ ਦੀ ਥਾਂ ਮਿਲੀ ਜ਼ਿੰਮੇਵਾਰੀ

Wednesday, Jul 05, 2023 - 10:44 AM (IST)

ਅਜੀਤ ਅਗਰਕਰ ਬਣੇ ਭਾਰਤੀ ਟੀਮ ਦੇ ਨਵੇਂ ਮੁੱਖ ਚੋਣਕਰਤਾ, ਚੇਤਨ ਸ਼ਰਮਾ ਦੀ ਥਾਂ ਮਿਲੀ ਜ਼ਿੰਮੇਵਾਰੀ

ਨਵੀਂ ਦਿੱਲੀ— ਭਾਰਤ ਦੇ ਸਾਬਕਾ ਤੇਜ਼ ਗੇਂਦਬਾਜ਼ ਅਜੀਤ ਅਗਰਕਰ ਭਾਰਤੀ ਕ੍ਰਿਕਟ ਟੀਮ ਦੇ ਨਵੇਂ ਮੁੱਖ ਚੋਣਕਾਰ ਬਣ ਗਏ ਹਨ। ਉਹ ਚੇਤਨ ਸ਼ਰਮਾ ਦੀ ਥਾਂ ਲੈਣਗੇ। ਇਹ ਅਹੁਦਾ 5 ਮਹੀਨਿਆਂ ਤੋਂ ਖਾਲੀ ਸੀ। ਭਾਰਤੀ ਕ੍ਰਿਕਟ ਚੋਣ ਕਮੇਟੀ ਦੇ ਸਾਬਕਾ ਚੇਅਰਮੈਨ ਚੇਤਨ ਸ਼ਰਮਾ ਨੇ ਸਟਿੰਗ ਆਪ੍ਰੇਸ਼ਨ 'ਚ ਫਸਣ ਤੋਂ ਬਾਅਦ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਅਗਰਕਰ ਨੇ ਮੰਗਲਵਾਰ ਨੂੰ ਅਸ਼ੋਕ ਮਲਹੋਤਰਾ ਦੀ ਅਗਵਾਈ ਵਾਲੀ ਕ੍ਰਿਕਟ ਸਲਾਹਕਾਰ ਕਮੇਟੀ (ਸੀਏਸੀ) ਨਾਲ ਇੱਕ ਵਰਚੁਅਲ ਇੰਟਰਵਿਊ 'ਚ ਹਿੱਸਾ ਲਿਆ।
ਅਗਰਕਰ ਅਹੁਦਾ ਸੰਭਾਲਣ ਤੋਂ ਬਾਅਦ ਵੈਸਟਇੰਡੀਜ਼ ਦੌਰੇ ਲਈ ਟੀ-20 ਟੀਮ ਦੀ ਚੋਣ ਕਰਨ ਲਈ ਚੋਣ ਕਮੇਟੀ ਦੀ ਬੈਠਕ ਦੀ ਪ੍ਰਧਾਨਗੀ ਕਰਨਗੇ। ਬੀਸੀਸੀਆਈ ਦੇ ਇੱਕ ਸੂਤਰ ਨੇ ਪੀਟੀਆਈ ਨੂੰ ਦੱਸਿਆ, “ਅਗਰਕਰ ਇਕੱਲੇ ਉਮੀਦਵਾਰ ਹਨ ਜੋ ਇੰਟਰਵਿਊ ਲਈ ਹਾਜ਼ਰ ਹੋਏ। ਇਹ ਵਰਚੁਅਲ ਸੀ ਕਿਉਂਕਿ ਉਹ ਵਰਤਮਾਨ 'ਚ ਪਰਿਵਾਰਕ ਛੁੱਟੀਆਂ 'ਤੇ ਵਿਦੇਸ਼ 'ਚ ਹੈ।
ਅਜੀਤ ਅਗਰਕਰ ਨੇ ਕੁਝ ਦਿਨ ਪਹਿਲਾਂ ਆਈਪੀਐੱਲ ਟੀਮ ਦਿੱਲੀ ਕੈਪੀਟਲਜ਼ ਦੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਉਦੋਂ ਤੋਂ ਇਹ ਲਗਭਗ ਤੈਅ ਸੀ ਕਿ ਉਹ ਭਾਰਤੀ ਕ੍ਰਿਕਟ ਟੀਮ ਦੇ ਨਵੇਂ ਮੁੱਖ ਚੋਣਕਾਰ ਹੋਣਗੇ। ਅਗਰਕਰ ਨੇ 26 ਟੈਸਟ ਅਤੇ ਚਾਰ ਟੀ-20 ਅੰਤਰਰਾਸ਼ਟਰੀ ਮੈਚਾਂ ਤੋਂ ਇਲਾਵਾ 191 ਵਨਡੇ ਖੇਡੇ ਹਨ। ਉਹ 1999, 2003 ਅਤੇ 2007 ਦੇ ਵਨਡੇ ਵਿਸ਼ਵ ਕੱਪ 'ਚ ਭਾਰਤੀ ਟੀਮ ਦਾ ਹਿੱਸਾ ਸੀ। ਉਸ ਨੂੰ 2007 ਵਿਸ਼ਵ ਟੀ-20 ਜੇਤੂ ਭਾਰਤੀ ਟੀਮ 'ਚ ਵੀ ਸ਼ਾਮਲ ਕੀਤਾ ਗਿਆ ਸੀ।


author

Aarti dhillon

Content Editor

Related News