ਭਾਰਤ ਤੇ ਵਿੰਡੀਜ਼ ਵਿਚਾਲੇ 100ਵੇਂ ਟੈਸਟ ’ਚ ਦੌੜਾਂ ਬਣਾਉਣ ’ਤੇ ਹੋਣਗੀਆਂ ਰਹਾਨੇ ਦੀਆਂ ਨਜ਼ਰਾਂ

07/20/2023 4:51:21 PM

ਪੋਰਟ ਆਫ ਸਪੇਨ (ਭਾਸ਼ਾ)- ਵੈਸਟਇੰਡੀਜ਼ ਵਿਰੁੱਧ ਵੀਰਵਾਰ ਯਾਨੀ ਅੱਜ ਤੋਂ ਇੱਥੇ ਸ਼ੁਰੂ ਹੋ ਰਹੇ ਦੂਜੇ ਤੇ ਆਖਰੀ ਕ੍ਰਿਕਟ ਟੈਸਟ ’ਚ ਭਾਰਤੀ ਟੀਮ ਦੀਆਂ ਨਜ਼ਰਾਂ ‘ਕਲੀਨ ਸਵੀਪ’ ਕਰਨ ’ਤੇ ਲੱਗੀਆਂ ਹੋਣਗੀਆਂ ਜਦਕਿ ਅਜਿੰਕਯ ਰਹਾਨੇ ਵੱਡੀ ਪਾਰੀ ਖੇਡ ਕੇ ਆਪਣੇ ਕਰੀਅਰ ਨੂੰ ਵਿਸਥਾਰ ਦੇਣ ਦੀ ਕੋਸ਼ਿਸ਼ ’ਚ ਹੋਵੇਗਾ। ਇਹ ਮੈਚ ਦੋਵੇਂ ਟੀਮਾਂ ਵਿਚਾਲੇ 100ਵਾਂ ਟੈਸਟ ਵੀ ਹੈ। ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ ਕਿਹਾ ਕਿ ਇਹ ਵੱਡਾ ਮੌਕਾ ਹੈ ਤੇ ਉਸਦੀ ਟੀਮ ਪਹਿਲੇ ਮੈਚ ਦੀ ਤਰ੍ਹਾਂ ਆਪਣਾ ਦਬਦਬਾ ਬਰਕਰਾਰ ਰੱਖਣ ਦੀ ਕੋਸ਼ਿਸ਼ ਕਰੇਗੀ।

ਡੋਮਿਨਿਕਾ ’ਚ ਪਹਿਲੇ ਮੈਚ ’ਚ ਭਾਰਤ ਨੇ ਪਾਰੀ ਤੇ 141 ਦੌੜਾਂ ਨਾਲ ਜਿੱਤ ਦਰਜ ਕੀਤੀ ਸੀ। ਇੱਥੇ ਅੱਜ ਤੋਂ ਸ਼ੁਰੂ ਹੋ ਰਹੇ ਟੈਸਟ ਤੋਂ ਬਾਅਦ ਭਾਰਤ ਨੂੰ ਹੁਣ ਦਸੰਬਰ-ਜਨਵਰੀ ’ਚ ਹੀ ਦੱਖਣੀ ਅਫਰੀਕਾ ਦੌਰੇ ’ਤੇ ਟੈਸਟ ਖੇਡਣਾ ਹੈ। ਅਰਥਾਤ ਰਹਾਨੇ ਵਰਗੇ ਖਿਡਾਰੀਆਂ ਲਈ ਉਸ ਲੜੀ ਦੀ ਟੀਮ ’ਚ ਚੋਣ ਦੀ ਦਾਅਵੇਦਾਰੀ ਮਜ਼ਬੂਤ ਕਰਨ ਦਾ ਇਹ ਚੰਗਾ ਮੌਕਾ ਹੈ। ਪਿਛਲੇ 18 ਮਹੀਨਿਆਂ ’ਚ ਪਹਿਲਾ ਟੈਸਟ ਖੇਡਦੇ ਹੋਏ ਰਹਾਨੇ ਨੇ ਵਿਸ਼ਵ ਟੈਸਟ ਚੈਂਪੀਅਨਸ਼ਿਪ ਫਾਈਨਲ ’ਚ ਚੰਗਾ ਪ੍ਰਦਰਸ਼ਨ ਕੀਤਾ ਪਰ ਡੋਮਿਨਿਕਾ ’ਚ ਮੌਕੇ ਨਹੀਂ ਮਿਲ ਸਕੇ ਕਿਉਂਕਿ ਭਾਰਤ ਨੇ ਇਕ ਪਾਰੀ ’ਚ ਹੀ ਬੱਲੇਬਾਜ਼ੀ ਕੀਤੀ। ਅਜਿਹੀ ਪ੍ਰਮੁੱਖ ਸੰਭਾਵਨਾ ਹੈ ਕਿ ਭਾਰਤੀ ਟੀਮ ਫਿਰ ਇਕ ਵਾਰ ਹੀ ਬੱਲੇਬਾਜ਼ੀ ਕਰੇਗੀ। ਅਜਿਹੇ ’ਚ ਰਹਾਨੇ ਨੂੰ ਪੂਰਾ ਫਾਇਦਾ ਚੁੱਕਣਾ ਪਵੇਗਾ ਕਿਉਂਕਿ ਦੱਖਣੀ ਅਫਰੀਕਾ ਦੌਰੇ ਤੋਂ ਪਹਿਲਾਂ ਸ਼੍ਰੇਅਸ ਅਈਅਰ ਵੀ ਫਿੱਟ ਹੋ ਜਾਵੇਗਾ। ਬੱਲੇਬਾਜ਼ੀ ਕੋਚ ਵਿਕਰਮ ਰਾਠੌੜ ਨੇ ਇਸ ਮੈਚ ਤੋਂ ਪਹਿਲਾਂ ਕਿਹਾ ਸੀ ਕਿ ਦੱਖਣੀ ਅਫਰੀਕਾ ਦੌਰੇ ਲਈ ਭਾਰਤ ਨੂੰ ਰਹਾਨੇ ਦੇ ਫਾਰਮ ’ਚ ਰਹਿਣ ਦੀ ਲੋੜ ਪਵੇਗੀ।

ਪਹਿਲਾ ਮੈਚ 3 ਦਿਨਾਂ ਦੇ ਅੰਦਰ ਹੀ ਜਿੱਤਣ ਵਾਲੀ ਟੀਮ ’ਚ ਜ਼ਿਆਦਾ ਬਦਲਾਅ ਦੀ ਗੁੰਜਾਇਸ਼ ਤਾਂ ਨਹੀਂ ਹੈ ਪਰ ਦੇਖਣਾ ਪਵੇਗਾ ਕਿ ਖਰਾਬ ਪ੍ਰਦਰਸ਼ਨ ਕਰ ਰਹੇ ਤੇਜ਼ ਗੇਂਦਬਾਜ਼ ਜੈਦੇਵ ਉਨਾਦਕਤ ਨੂੰ ਫਿਰ ਮੌਕਾ ਮਿਲਦਾ ਹੈ ਜਾਂ ਨਹੀਂ। 31 ਸਾਲਾ ਉਨਾਦਕਤ ਨੇ 13 ਸਾਲ ’ਚ 3 ਹੀ ਟੈਸਟ ਖੇਡੇ ਹਨ। ਡੋਮਿਨਿਕਾ ’ਚ ਉਸ ਨੂੰ ਇਕ ਵੀ ਵਿਕਟ ਨਹੀਂ ਮਿਲੀ ਤੇ ਉਸ ਨੇ 9 ਓਵਰ ਹੀ ਕੀਤੇ। ਪਹਿਲੇ ਮੈਚ ’ਚ ਸਪਿਨਰ ਆਰ. ਅਸ਼ਵਿਨ ਤੇ ਰਵਿੰਦਰ ਜਡੇਜਾ ਦੀ ਤੂਤੀ ਬੋਲੀ। ਇਸ ਮੈਚ ’ਚ ਵੀ ਪਿੱਚ ਟਰਨਿੰਗ ਹੋਣ ਦੀ ਸੰਭਾਵਨਾ ਹੈ, ਜਿਸ ਨਾਲ ਕੈਰੇਬੀਆਈ ਟੀਮ ’ਚ ਬੱਲੇਬਾਜ਼ੀ ਆਲਰਾਊਂਡਰ ਰੇਮਨ ਰੀਫਰ ਦੀ ਜਗ੍ਹਾ ਸਪਿਨ ਆਲਰਾਊਂਡਰ ਕੇਵਿਨ ਸਿਨਕਲੇਯਰ ਨੂੰ ਸ਼ਾਮਲ ਕੀਤਾ ਗਿਆ ਹੈ। ਭਾਰਤੀ ਟੀਮ ਅਜਿਹੇ ’ਚ ਉਨਾਦਕਤ ਦੀ ਜਗ੍ਹਾ ਇਕ ਹੋਰ ਸਪਿਨਰ ਦੇ ਤੌਰ ’ਤੇ ਅਕਸ਼ਰ ਪਟੇਲ ਨੂੰ ਉਤਾਰ ਸਕਦੀ ਹੈ। ਸ਼ਾਰਦੁਲ ਠਾਕੁਰ ਨੂੰ ਵੀ ਮੌਕਾ ਮਿਲ ਸਕਦਾ ਹੈ, ਜਿਸ ਦੀ ਬੱਲੇਬਾਜ਼ੀ ’ਚ ਕਾਫੀ ਸੁਧਾਰ ਆਇਆ ਹੈ।

ਡੈਬਿਊ ਟੈਸਟ ’ਚ 150 ਤੋਂ ਵੱਧ ਦੌੜਾਂ ਬਣਾਉਣ ਵਾਲਾ ਤੀਜਾ ਭਾਰਤੀ ਬੱਲੇਬਾਜ਼ ਬਣਿਆ ਯਸ਼ਸਵੀ ਜਾਇਸਵਾਲ ਇਸ ਲੈਅ ਕਾਇਮ ਰੱਖਣਾ ਚਾਹੇਗਾ। ਸ਼ੁਭਮਨ ਗਿੱਲ ਤੀਜੇ ਨੰਬਰ ’ਤੇ ਉਤਰਨ ਤੋਂ ਬਾਅਦ 11 ਗੇਂਦਾਂ ਹੀ ਖੇਡ ਸਕਿਆ ਤੇ ਉਹ ਵੀ ਵੱਡੀ ਪਾਰੀ ਖੇਡਣ ਨੂੰ ਬੇਤਾਬ ਹੋਵੇਗਾ। ਦਸੰਬਰ 2018 ਤੋਂ ਵਿਦੇਸ਼ ’ਚ ਸੈਂਕੜਾ ਨਾ ਸਕਿਆ ਵਿਰਾਟ ਕੋਹਲੀ ਉਸ ਕਮੀ ਨੂੰ ਪੂਰਾ ਕਰਨਾ ਚਾਹੇਗਾ। ਉੱਥੇ ਹੀ ਡੈਬਿਊ ਟੈਸਟ ’ਚ ਪਹਿਲੀ ਦੌੜ ਬਣਾਉਣ ਲਈ 20 ਗੇਂਦਾਂ ਤਕ ਇੰਤਜ਼ਾਰ ਕਰਨ ਵਾਲੇ ਇਸ਼ਾਨ ਕਿਸ਼ਨ ਨੂੰ ਵੀ ਮੌਕੇ ਦਾ ਇੰਤਜ਼ਾਰ ਹੋਵੇਗਾ। ਵੈਸਟਇੰਡੀਜ਼ ਲਈ ਡੈਬਿਊ ਕਰਨ ਵਾਲੇ ਐਲਿਕ ਅਥਾਂਜੇ ਨੂੰ ਛੱਡ ਕੇ ਕੋਈ ਵੀ ਬੱਲੇਬਾਜ਼ ਭਾਰਤੀ ਸਪਿਨਰਾਂ ਦਾ ਸਾਹਮਣਾ ਨਹੀਂ ਕਰ ਸਕਿਆ। ਉਸ ਨੂੰ ਤੇਜ਼ ਗੇਂਦਬਾਜ਼ਾਂ ਦੀ ਮਦਦਗਾਰ ਪਿੱਚ ਦੀ ਲੋੜ ਹੈ ਤਾਂ ਕਿ ਕੇਮਰ ਰੋਚ ਤੇ ਅਲਜ਼ਾਰੀ ਜੋਸੇਫ ਕੋਈ ਕਮਾਲ ਕਰ ਸਕੇ।

ਟੀਮਾਂ ਇਸ ਤਰ੍ਹਾਂ ਹਨ-

ਭਾਰਤ : ਰੋਹਿਤ ਸ਼ਰਮਾ (ਕਪਤਾਨ), ਸ਼ੁਭਮਨ ਗਿੱਲ, ਰਿਤੂਰਾਜ ਗਾਇਕਵਾੜ, ਵਿਰਾਟ ਕੋਹਲੀ, ਯਸ਼ਸਵੀ ਜਾਇਸਵਾਲ, ਅਜਿੰਕਯ ਰਹਾਨੇ, ਕੇ.ਐੱਸ. ਭਰਤ, ਇਸ਼ਾਨ ਕਿਸ਼ਨ, ਆਰ.ਅਸ਼ਿਵਨ, ਰਵਿੰਦਰ ਜਡੇਜਾ, ਸ਼ਾਰਦੁਲ ਠਾਕੁਰ, ਅਕਸ਼ਰ ਪਟੇਲ, ਮੁਹੰਮਦ ਸਿਰਾਜ, ਮੁਕੇਸ਼ ਕੁਮਾਰ, ਜੈਦੇਵ ਉਨਾਦਕਤ, ਨਵਦੀਪ ਸੈਣੀ।

ਵੈਸਟਇੰਡੀਜ਼ : ਕ੍ਰੇਗ ਬ੍ਰੈੱਥਵੇਟ (ਕਪਤਾਨ), ਜਰਮਨ ਬਲੈਕਵੁਡ, ਜੋਸ਼ੂਆ ਡੀ ਸਿਲਵਾ, ਐਲਿਕ ਅਥਾਂਜੇ, ਰਹਕੀਮ ਕਾਰਨਵਾਲ, ਸ਼ੇਨੋਨ ਗੈਬ੍ਰੀਏਲ, ਜੈਸਨ ਹੋਲਡਰ, ਅਲਜਾਰੀ ਜੋਸੇਫ, ਰੇਮਨ ਰੀਫਰ, ਕੇਮਰ ਰੋਚ, ਟੀ. ਚੰਦਰਪਾਲ, ਕ੍ਰਿਕ ਮੈਕੰਜੀ, ਜੋਮੇਲ ਵਾਰਕਿਨ।


cherry

Content Editor

Related News