ਏਜਾਜ਼ ਪਟੇਲ ਦੀ 10 ਵਿਕਟਾਂ ਲੈਣ ਵਾਲੀ ਗੇਂਦ ਬਣੇਗੀ MCA ਮਿਊਜ਼ੀਅਮ ਦਾ ਮਾਣ

Friday, Dec 17, 2021 - 05:20 PM (IST)

ਮੁੰਬਈ (ਭਾਸ਼ਾ)- ਮੁੰਬਈ ਕ੍ਰਿਕਟ ਸੰਘ (ਐੱਮ.ਸੀ.ਏ.) ਦੇ ਪ੍ਰਧਾਨ ਵਿਜੇ ਪਾਟਿਲ ਨੇ ਨਿਊਜ਼ੀਲੈਂਡ ਦੇ ਸਪਿਨਰ ਏਜਾਜ਼ ਪਟੇਲ ਵੱਲੋਂ ਐਮ.ਸੀ.ਏ. ਮਿਊਜ਼ੀਅਮ ਨੂੰ ‘10 ਵਿਕਟਾਂ’ ਵਾਲੀ ਗੇਂਦ ਦਾਨ ਕਰਨ ਲਈ ਸ਼ਲਾਘਾ ਕਰਦਿਆਂ ਕਿਹਾ ਹੈ ਕਿ ਇਹ ਗੇਂਦ 'ਪ੍ਰਾਈਡ ਆਫ਼ ਪੈਲੇਸ (ਮਿਊਜ਼ੀਅਮ ਦਾ ਮਾਣ)' ਹੋਵੇਗੀ। ਪਾਟਿਲ ਨੇ ਕਿਹਾ, 'ਉਨ੍ਹਾਂ ਨੇ (ਏਜਾਜ਼ ਪਟੇਲ) ਵਾਨਖੇੜੇ ਸਟੇਡੀਅਮ 'ਚ ਜੋ ਹਾਸਲ ਕੀਤਾ ਉਹ ਬਿਲਕੁਲ ਸ਼ਾਨਦਾਰ ਸੀ। ਤੱਥ ਇਹ ਹੈ ਕਿ ਉਨ੍ਹਾਂ ਨੇ ਇਹ ਕਾਰਨਾਮਾ ਸਾਡੇ ਵੱਕਾਰੀ (ਵਾਨਖੇੜੇ) ਸਟੇਡੀਅਮ ਵਿਚ ਕੀਤਾ ਸੀ। ਇਸ ਨਾਲ ਇਸ ਇਤਿਹਾਸਕ ਮੈਦਾਨ ਦੀਆਂ ਯਾਦਾਂ ਵਿਚ ਵਾਧਾ ਹੋਇਆ।'

ਇਹ ਵੀ ਪੜ੍ਹੋ : ਅਵਨੀ ਲੇਖਰਾ ਨੂੰ ਇਕ ਹੋਰ ਵੱਡਾ ਸਨਮਾਨ, 'ਸਰਬੋਤਮ ਮਹਿਲਾ ਡੈਬਿਊ' ਨਾਲ ਕੀਤਾ ਗਿਆ ਸਨਮਾਨਿਤ

ਮੁੰਬਈ ਵਿਚ ਪੈਦਾ ਹੋਏ 34 ਸਾਲਾ ਖੱਬੇ ਹੱਥ ਦੇ ਇਸ ਸਪਿਨਰ ਨੇ ਇਸ ਮਹੀਨੇ ਦੇ ਸ਼ੁਰੂ ਵਿਚ ਭਾਰਤ ਖ਼ਿਲਾਫ਼ ਦੂਜੇ ਟੈਸਟ ਦੀ ਪਹਿਲੀ ਪਾਰੀ ਵਿਚ ਸਾਰੀਆਂ 10 ਵਿਕਟਾਂ ਲਈਆਂ ਸਨ। ਉਹ ਜਿਮ ਲੇਕਰ (1956) ਅਤੇ ਅਨਿਲ ਕੁੰਬਲੇ (1999) ਤੋਂ ਬਾਅਦ ਅਜਿਹਾ ਕਰਨ ਵਾਲੇ ਦੁਨੀਆ ਦੇ ਤੀਜੇ ਗੇਂਦਬਾਜ਼ ਬਣ ਗਏ। ਪਾਟਿਲ ਨੇ ਕਿਹਾ, 'ਉਨ੍ਹਾਂ ਦੀਆਂ ਜੜ੍ਹਾਂ ਮੁੰਬਈ ਤੋਂ ਹੀ ਹਨ ਤਾਂ ਅਜਿਹੀ ਸਥਿਤੀ ਵਿਚ ਇਹ ਉਪਲਬਧੀ ਹੋਰ ਖਾਸ ਹੋ ਜਾਂਦੀ ਹੈ।' ਪਾਟਿਲ ਨੇ ਕਿਹਾ, 'ਉਨ੍ਹਾਂ ਨੇ (ਏਜਾਜ਼) ਸਾਬਤ ਕਰ ਦਿੱਤਾ ਹੈ ਕਿ ਉਹ ਵੱਡੇ ਦਿਲ ਵਾਲੇ ਹਨ। ਇਸ ਉਪਲਬਧੀ ਨੂੰ ਹਾਸਲ ਕਰਨ ਤੋਂ ਬਾਅਦ ਉਨ੍ਹਾਂ ਨੇ ਦਰਿਆਦਿਲੀ ਦਿਖਾਈ ਅਤੇ 10 ਵਿਕਟਾਂ ਲੈਣ ਵਾਲੀ ਯਾਦਗਾਰੀ ਗੇਂਦ ਸਾਨੂੰ ਸੌਂਪ ਦਿੱਤੀ। ਇਹ ਕੁਝ ਅਜਿਹਾ ਹੈ ਜਿਸ ਨੂੰ ਅਸੀਂ ਬਹੁਤ ਮਹੱਤਵ ਦਿੰਦੇ ਹਾਂ ਅਤੇ ਇਹ ਸਾਡੇ ਐੱਮ.ਸੀ.ਏ. ਮਿਊਜ਼ੀਅਮ ਦਾ ਮਾਣ ਹੋਵੇਗਾ।'

ਇਹ ਵੀ ਪੜ੍ਹੋ : ਪੀ.ਵੀ. ਸਿੰਧੂ ਵਿਸ਼ਵ ਬੈਡਮਿੰਟਨ ਚੈਂਪੀਅਨਸ਼ਿਪ ਦੇ ਕੁਆਰਟਰ ਫਾਈਨਲ 'ਚ ਤਾਈ ਜ਼ੂ ਯਿੰਗ ਤੋਂ ਹਾਰੀ

ਪਾਟਿਲ ਨੇ ਕਿਹਾ ਕਿ ਇਹ ਮਿਊਜ਼ੀਅਮ ਨੌਜਵਾਨਾਂ ਨੂੰ ਪ੍ਰੇਰਿਤ ਕਰੇਗਾ। ਉਨ੍ਹਾਂ ਕਿਹਾ, 'ਮੈਨੂੰ ਲੱਗਦਾ ਹੈ ਕਿ ਇਹ (ਮਿਊਜ਼ੀਅਮ ਦਾ ਗਠਨ) ਇਕ ਸਹੀ ਕਦਮ ਹੈ, ਕਿਉਂਕਿ ਸਾਡੀ (ਮੁੰਬਈ ਕ੍ਰਿਕਟ) ਬਹੁਤ ਵੱਡੀ ਵਿਰਾਸਤ ਹੈ। ਸਾਡੇ ਲਗਭਗ 80 ਖਿਡਾਰੀ ਅੰਤਰਰਾਸ਼ਟਰੀ ਕ੍ਰਿਕਟ ਖੇਡ ਚੁੱਕੇ ਹਨ ਅਤੇ ਭਾਰਤੀ ਬੱਲੇਬਾਜ਼ਾਂ ਵੱਲੋਂ ਬਣਾਈਆਂ ਗਈਆਂ ਦੌੜਾਂ ਦਾ ਪੰਜਵਾਂ ਹਿੱਸਾ ਮੁੰਬਈ ਦੇ ਖਿਡਾਰੀਆਂ ਦੇ ਬੱਲੇ ਤੋਂ ਆਇਆ ਹੈ। ਸਾਡੀ ਅਮੀਰ ਵਿਰਾਸਤ ਨੂੰ ਸੰਭਾਲਣ ਦਾ ਇਹ ਕਦਮ ਮੌਜੂਦਾ ਅਤੇ ਭਵਿੱਖ ਦੇ ਕ੍ਰਿਕਟਰਾਂ ਨੂੰ ਵੀ ਪ੍ਰੇਰਿਤ ਕਰੇਗਾ।' ਭਾਰਤ ਨੇ ਵਾਨਖੇੜੇ ਸਟੇਡੀਅਮ ਵਿਚ ਹੀ ਮਹਿੰਦਰ ਸਿੰਘ ਧੋਨੀ ਦੇ ਛੱਕੇ ਨਾਲ 2011 ਵਿਚ ਵਨਡੇ ਵਿਸ਼ਵ ਕੱਪ ਦਾ ਖ਼ਿਤਾਬ ਜਿੱਤਿਆ ਸੀ। ਪਾਟਿਲ ਨੇ ਕਿਹਾ, 'ਉਹ ਬਹੁਤ ਖ਼ਾਸ ਪਲ ਸਨ, 2011 ਵਿਸ਼ਵ ਕੱਪ ਯਕੀਨੀ ਤੌਰ 'ਤੇ ਭਾਰਤੀ ਕ੍ਰਿਕਟ ਇਤਿਹਾਸ ਦਾ ਸਭ ਤੋਂ ਖੁਸ਼ਹਾਲ ਅਤੇ ਸਭ ਤੋਂ ਖ਼ਾਸ ਪਲ ਸੀ। ਇਹ ਕਾਰਨਾਮਾ ਵੀ ਵਾਨਖੇੜੇ ਸਟੇਡੀਅਮ 'ਚ ਵੀ ਹੋਇਆ ਸੀ। ਇਸ ਦੀਆਂ ਯਾਦਾਂ ਸਾਡੇ ਦਿਲਾਂ ਵਿਚ ਹਨ।'

ਇਹ ਵੀ ਪੜ੍ਹੋ : ਇਕ ਹੋਰ ਮਹਿਲਾ ਸ਼ੂਟਰ ਨੇ ਕੀਤੀ ਖ਼ੁਦਕੁਸ਼ੀ, ਅਦਾਕਾਰ ਸੋਨੂੰ ਸੂਦ ਨੇ ਦਿਵਾਈ ਸੀ 2.70 ਲੱਖ ਦੀ ਰਾਈਫਲ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


cherry

Content Editor

Related News