AIBA ਵਿਸ਼ਵ ਚੈਂਪੀਅਨਸ਼ਿਪ : ਤਮਗਾ ਜੇਤੂਆਂ ’ਤੇ ਇਸ ਵਾਰ ਵਰ੍ਹੇਗਾ ਇਨਾਮਾਂ ਦਾ ਮੀਂਹ
Thursday, Sep 16, 2021 - 03:35 PM (IST)
ਲੁਸਾਨੇ (ਭਾਸ਼ਾ) : ਅੰਤਰਰਾਸ਼ਟਰੀ ਮੁੱਕੇਬਾਜ਼ੀ ਸੰਘ (ਏ. ਆਈ. ਬੀ. ਏ.) ਨੇ ਸਰਬੀਆ ’ਚ ਅਗਲੇ ਮਹੀਨੇ ਹੋਣ ਵਾਲੀ ਵਿਸ਼ਵ ਚੈਂਪੀਅਨਸ਼ਿਪ ਲਈ ਪਹਿਲੀ ਵਾਰ ਵੀਰਵਾਰ ਨੂੰ 26 ਲੱਖ ਡਾਲਰ ਦੀ ਇਨਾਮੀ ਰਾਸ਼ੀ ਦਾ ਐਲਾਨ ਕੀਤਾ, ਜਿਸ ’ਚ ਸੋਨ ਤਮਗਾ ਜੇਤੂ ਨੂੰ ਇੱਕ ਲੱਖ ਡਾਲਰ ਮਿਲਣਗੇ। ਇਹ ਵੱਕਾਰੀ ਮੁਕਾਬਲਾ 24 ਅਕਤੂਬਰ ਤੋਂ ਬੇਲਗ੍ਰੇਡ ’ਚ ਸ਼ੁਰੂ ਹੋਵੇਗਾ। ਭਾਰਤ ਦੀ ਨੁਮਾਇੰਦਗੀ ਮੌਜੂਦਾ ਰਾਸ਼ਟਰੀ ਚੈਂਪੀਅਨਸ਼ਿਪ ਦੇ ਸੋਨ ਤਮਗਾ ਜੇਤੂ ਕਰਨਗੇ। ਏ. ਆਈ. ਬੀ. ਏ. ਨੇ ਇੱਕ ਬਿਆਨ ’ਚ ਕਿਹਾ, “ਕੁੱਲ ਇਨਾਮੀ ਰਾਸ਼ੀ 26 ਲੱਖ ਡਾਲਰ ਹੋਵੇਗੀ। ਪਹਿਲੇ ਸਥਾਨ ’ਤੇ ਰਹਿਣ ਵਾਲੇ ਨੂੰ ਇਕ ਲੱਖ ਡਾਲਰ ਮਿਲਣਗੇ।
ਚਾਂਦੀ ਤਮਗਾ ਜੇਤੂ ਨੂੰ 50,000 ਡਾਲਰ ਅਤੇ ਹਰੇਕ ਭਾਰ ਵਰਗ ਦੇ ਦੋ ਕਾਂਸੀ ਤਮਗਾ ਜੇਤੂਆਂ ਨੂੰ 25,000 ਡਾਲਰ ਮਿਲਣਗੇ। ਏ. ਆਈ. ਬੀ. ਏ. ਦੇ ਪ੍ਰਧਾਨ ਉਮਰ ਕ੍ਰੇਮਲੇਵ ਨੇ ਕਿਹਾ, “ਇਹ ਪਹਿਲੀ ਵਾਰ ਹੋਵੇਗਾ, ਜਦੋਂ ਏ. ਆਈ. ਬੀ. ਏ. ਵਿਸ਼ਵ ਚੈਂਪੀਅਨਸ਼ਿਪ ਦੇ ਤਮਗਾ ਜੇਤੂਆਂ ਨੂੰ ਵਿੱਤੀ ਤੌਰ ’ਤੇ ਇਨਾਮ ਦੇਵੇਗਾ ਅਤੇ ਅਜਿਹਾ ਹੀ ਹੋਣਾ ਚਾਹੀਦਾ ਹੈ।” ਏ. ਆਈ. ਬੀ. ਏ. ਦੇ ਚੋਟੀ ਦੇ ਟੂਰਨਾਮੈਂਟਾਂ ’ਚ ਸ਼ਾਮਲ ਹੋਣ ਦੀ ਤਿਆਰੀ ਅਤੇ ਕੋਸ਼ਿਸ਼ਾਂ ਦੇ ਮੱਦੇਨਜ਼ਰ ਉਹ ਇਸ ਰਕਮ ਦੇ ਹੱਕਦਾਰ ਹਨ। ਉਹ ਨਾ ਸਿਰਫ ਰਿੰਗ ’ਚ ਸਫਲ ਹੋਣਗੇ, ਬਲਕਿ ਆਤਮ-ਨਿਰਭਰ ਅਤੇ ਖੁਸ਼ਹਾਲ ਵੀ ਹੋਣਗੇ।” ਏ. ਆਈ. ਬੀ. ਏ. ਦੇ ਸਕੱਤਰ ਜਨਰਲ ਇਸਤਵਾਨ ਕੋਵਾਕਸ ਨੇ ਪ੍ਰਧਾਨ ਦੀਆਂ ਗੱਲਾਂ ਨਾਲ ਸਹਿਮਤੀ ਜਤਾਉਂਦਿਆਂ ਕਿਹਾ ਕਿ ਇਹ ਪਹਿਲ ਮੁੱਕੇਬਾਜ਼ਾਂ ਲਈ ਮਹੱਤਵਪੂਰਨ ਹੈ, ਜੋ ਸਖਤ ਮਿਹਨਤ ਕਰ ਰਹੇ ਹਨ।
“ਏ. ਆਈ. ਬੀ. ਏ. ਆਪਣੇ ਖਿਡਾਰੀਆਂ ਨੂੰ ਰੋਜ਼ੀ-ਰੋਟੀ ਕਮਾਉਣ ਲਈ ਢੁੱਕਵਾਂ ਮੌਕਾ ਅਤੇ ਵਾਧੂ ਪ੍ਰੇਰਣਾ ਦੇ ਰਿਹਾ ਹੈ। ਮੈਂ ਜਾਣਦਾ ਹਾਂ ਕਿ ਮੁੱਕੇਬਾਜ਼ਾਂ ਲਈ ਇਸ ਦਾ ਕੀ ਅਰਥ ਹੈ।” ਇਹ ਟੂਰਨਾਮੈਂਟ ਸੋਧੇ ਹੋਏ ਭਾਰ ਵਰਗਾਂ ’ਚ ਖੇਡਿਆ ਜਾਵੇਗਾ। ਏ.ਆਈ.ਬੀ.ਏ. ਨੇ ਜੁਲਾਈ ’ਚ ਭਾਰ ਵਰਗਾਂ ਦੀ ਗਿਣਤੀ 10 ਤੋਂ ਵਧਾ ਕੇ 13 ਕਰ ਦਿੱਤੀ ਸੀ। ਫਾਈਨਲ 5 ਤੇ 6 ਨਵੰਬਰ ਨੂੰ ਖੇਡੇ ਜਾਣਗੇ।