AFG vs AUS : ਮੀਂਹ ''ਚ ਰੁੜ੍ਹੀਆਂ ਅਫਗਾਨਿਸਤਾਨ ਦੀਆਂ ਉਮੀਦਾਂ! ਆਸਟ੍ਰੇਲੀਆ ਦੀ ਸੈਮੀਫਾਈਨਲ ''ਚ ਐਂਟਰੀ
Friday, Feb 28, 2025 - 09:41 PM (IST)

ਸਪੋਰਟਸ ਡੈਸਕ- ਆਈਸੀਸੀ ਚੈਂਪੀਅਨਜ਼ ਟਰਾਫੀ 2025 ਦੇ ਮੈਚ ਨੰਬਰ-10 ਵਿੱਚ ਆਸਟ੍ਰੇਲੀਆ ਅਤੇ ਅਫਗਾਨਿਸਤਾਨ ਭਿੜੇ। ਹਾਲਾਂਕਿ, ਇਹ ਮੈਚ ਮੀਂਹ ਕਾਰਨ ਪੂਰਾ ਨਹੀਂ ਹੋ ਸਕਿਆ। ਮੈਚ ਵਿੱਚ ਅਫਗਾਨਿਸਤਾਨ ਨੇ ਆਸਟ੍ਰੇਲੀਆ ਨੂੰ ਜਿੱਤਣ ਲਈ 274 ਦੌੜਾਂ ਦਾ ਟੀਚਾ ਦਿੱਤਾ ਸੀ। ਟੀਚੇ ਦਾ ਪਿੱਛਾ ਕਰਦੇ ਹੋਏ ਆਸਟ੍ਰੇਲੀਆ ਨੇ 12.5 ਓਵਰਾਂ ਵਿੱਚ 1 ਵਿਕਟ ਦੇ ਨੁਕਸਾਨ 'ਤੇ 109 ਦੌੜਾਂ ਬਣਾਈਆਂ। ਇਸ ਤੋਂ ਬਾਅਦ ਮੀਂਹ ਕਾਰਨ ਖੇਡ ਨਹੀਂ ਹੋ ਸਕਿਆ। ਮੈਚ ਮੀਂਹ ਕਾਰਨ ਰੱਦ ਕਰਨਾ ਪਿਆ ਜਿਸਦੇ ਚੱਲਦੇ ਆਸਟ੍ਰੇਲੀਆਈ ਟੀਮ 4 ਅੰਕਾਂ ਨਾਲ ਸੈਮੀਫਾਈਨਲ ਵਿੱਚ ਪਹੁੰਚ ਗਈ।
ਦੂਜੇ ਪਾਸੇ ਅਫਗਾਨਿਸਤਾਨ ਟੀਮ ਦੇ ਹੁਣ 3 ਅੰਕ ਹਨ। ਅਫਗਾਨ ਟੀਮ ਹੁਣ ਸੈਮੀਫਾਈਨਲ ਵਿੱਚ ਤਾਂ ਹੀ ਪਹੁੰਚੇਗੀ ਜੇਕਰ ਅੰਗਰੇਜ਼ੀ ਟੀਮ ਸ਼ਨੀਵਾਰ ਨੂੰ ਦੱਖਣੀ ਅਫਰੀਕਾ ਨੂੰ ਵੱਡੇ ਫਰਕ ਨਾਲ ਹਰਾ ਦਿੰਦੀ ਹੈ। ਫਿਰ ਅਫਗਾਨਿਸਤਾਨ ਅਤੇ ਦੱਖਣੀ ਅਫਰੀਕਾ ਦੇ 3-3 ਅੰਕ ਹੋਣਗੇ ਅਤੇ ਸੈਮੀਫਾਈਨਲਿਸਟ ਦਾ ਫੈਸਲਾ ਨੈੱਟ-ਰਨ ਰੇਟ ਦੇ ਆਧਾਰ 'ਤੇ ਕੀਤਾ ਜਾਵੇਗਾ।
ਤੁਹਾਨੂੰ ਦੱਸ ਦੇਈਏ ਕਿ ਦੱਖਣੀ ਅਫਰੀਕਾ ਦਾ ਨੈੱਟ-ਰਨ ਰੇਟ (+2.140) ਇਸ ਟੂਰਨਾਮੈਂਟ ਦੀਆਂ ਸਾਰੀਆਂ ਟੀਮਾਂ ਵਿੱਚੋਂ ਸਭ ਤੋਂ ਵਧੀਆ ਹੈ। ਅਜਿਹੀ ਸਥਿਤੀ ਵਿੱਚ ਅਫਗਾਨ ਟੀਮ ਦੀਆਂ ਉਮੀਦਾਂ ਲਗਭਗ ਖ਼ਤਮ ਹੋ ਗਈਆਂ ਹਨ।
ਟੀਚੇ ਦਾ ਪਿੱਛਾ ਕਰਦੇ ਹੋਏ ਆਸਟ੍ਰੇਲੀਆ ਦੀ ਸ਼ੁਰੂਆਤ ਸ਼ਾਨਦਾਰ ਰਹੀ। ਮੈਥਿਊ ਸ਼ਾਰਟ ਅਤੇ ਟ੍ਰੈਵਿਸ ਹੈੱਡ ਨੇ ਮਿਲ ਕੇ 4.3 ਓਵਰਾਂ ਵਿੱਚ 44 ਦੌੜਾਂ ਦੀ ਸਾਂਝੇਦਾਰੀ ਕੀਤੀ। ਅਜ਼ਮਤੁੱਲਾ ਉਮਰਜ਼ਈ ਨੇ ਮੈਥਿਊ ਸ਼ਾਰਟ ਨੂੰ ਆਊਟ ਕਰਕੇ ਇਸ ਸਾਂਝੇਦਾਰੀ ਨੂੰ ਤੋੜਿਆ। ਸ਼ਾਰਟ ਨੇ 15 ਗੇਂਦਾਂ ਵਿੱਚ 3 ਚੌਕੇ ਅਤੇ 1 ਛੱਕੇ ਦੀ ਮਦਦ ਨਾਲ 20 ਦੌੜਾਂ ਬਣਾਈਆਂ। ਇਸ ਤੋਂ ਬਾਅਦ ਸਟੀਵ ਸਮਿਥ ਅਤੇ ਟ੍ਰੈਵਿਸ ਹੈੱਡ ਨੇ ਸ਼ਾਨਦਾਰ ਸਾਂਝੇਦਾਰੀ ਕੀਤੀ। ਹੈੱਡ ਨੇ ਸਿਰਫ਼ 34 ਗੇਂਦਾਂ ਵਿੱਚ ਆਪਣਾ ਅਰਧ ਸੈਂਕੜਾ ਪੂਰਾ ਕੀਤਾ। ਇਸ ਤੋਂ ਬਾਅਦ ਮੀਂਹ ਕਾਰਨ ਮੈਚ ਨੂੰ ਰੱਦ ਕਰਨਾ ਪਿਆ।