ਅਫਗਾਨਿਸਤਾਨ ਨੇ ਬੰਗਲਾਦੇਸ਼ ਨੂੰ 92 ਦੌੜਾਂ ਨਾਲ ਹਰਾਇਆ

Thursday, Nov 07, 2024 - 01:39 PM (IST)

ਅਫਗਾਨਿਸਤਾਨ ਨੇ ਬੰਗਲਾਦੇਸ਼ ਨੂੰ 92 ਦੌੜਾਂ ਨਾਲ ਹਰਾਇਆ

ਸ਼ਾਰਜਾਹ- ਮੁਹੰਮਦ ਨਬੀ (84) ਦੀ ਅਰਧ ਸੈਂਕੜੇ ਵਾਲੀ ਪਾਰੀ ਤੋਂ ਬਾਅਦ ਕਪਤਾਨ ਹਸ਼ਮਤੁੱਲਾ ਸ਼ਾਹਿਦੀ (52) ਦੇ ਸ਼ਾਨਦਾਰ ਪ੍ਰਦਰਸ਼ਨ ਨਾਲ ਅਫਗਾਨਿਸਤਾਨ ਨੇ ਬੰਗਲਾਦੇਸ਼ ਨੂੰ ਪਹਿਲੇ ਵਨਡੇ ਵਿਚ 92 ਦੌੜਾਂ ਨਾਲ ਹਰਾਇਆ ਹੈ। ਮੈਚ ਵਿੱਚ ਛੇ ਵਿਕਟਾਂ ਲੈਣ ਵਾਲੇ ਏਐਮ ਗਜ਼ਨਫਰ ਨੂੰ ਪਲੇਅਰ ਆਫ ਦਾ ਮੈਚ ਦਿੱਤਾ ਗਿਆ। 

ਅਫਗਾਨਿਸਤਾਨ ਦੀਆਂ 235 ਦੌੜਾਂ ਦੇ ਜਵਾਬ 'ਚ ਬੱਲੇਬਾਜ਼ੀ ਕਰਨ ਆਈ ਬੰਗਲਾਦੇਸ਼ ਦੀ ਸ਼ੁਰੂਆਤ ਖਰਾਬ ਰਹੀ ਕਿਉਂਕਿ ਉਸ ਨੇ ਚੌਥੇ ਓਵਰ 'ਚ ਤੰਜੀਦ ਹਸਨ (ਤਿੰਨ) ਦਾ ਵਿਕਟ ਗੁਆ ਦਿੱਤਾ। ਇਸ ਤੋਂ ਬਾਅਦ ਬੱਲੇਬਾਜ਼ੀ ਲਈ ਆਏ ਕਪਤਾਨ ਨਜ਼ਮੁਲ ਸ਼ਾਂਤੋ ਨੇ ਸੌਮਿਆ ਸਰਕਾਰ ਨਾਲ ਮਿਲ ਕੇ ਪਾਰੀ ਨੂੰ ਸੰਭਾਲਿਆ। ਅਜ਼ਮਤੁੱਲਾ ਉਮਰਜ਼ਈ ਨੇ 12ਵੇਂ ਓਵਰ ਵਿੱਚ ਸੌਮਿਆ ਸਰਕਾਰ (33) ਨੂੰ ਆਊਟ ਕਰਕੇ ਇਸ ਸਾਂਝੇਦਾਰੀ ਨੂੰ ਤੋੜਿਆ। 26ਵੇਂ ਓਵਰ ਵਿੱਚ ਮੁਹੰਮਦ ਨਬੀ ਨੇ ਨਜ਼ਮੁਲ ਸ਼ਾਂਤੋ (47) ਨੂੰ ਆਊਟ ਕਰਕੇ ਬੰਗਲਾਦੇਸ਼ ਨੂੰ ਵੱਡਾ ਝਟਕਾ ਦਿੱਤਾ। ਮੇਹਦੀ ਹਸਨ ਮਿਰਾਜ (28) 28 ਦੌੜਾਂ ਬਣਾ ਕੇ ਪੈਵੇਲੀਅਨ ਪਰਤ ਗਏ। ਇਸ ਤੋਂ ਬਾਅਦ ਬੰਗਲਾਦੇਸ਼ ਦਾ ਕੋਈ ਵੀ ਬੱਲੇਬਾਜ਼ ਗਜ਼ਨਫਰ ਅਤੇ ਰਾਸ਼ਿਦ ਖਾਨ ਦੇ ਸਾਹਮਣੇ ਟਿਕ ਨਹੀਂ ਸਕਿਆ ਅਤੇ ਪੂਰੀ ਟੀਮ 34.3 ਓਵਰਾਂ 'ਚ 143 ਦੌੜਾਂ ਦੇ ਸਕੋਰ 'ਤੇ ਢੇਰ ਹੋ ਗਈ। ਇਸ ਨਾਲ ਬੰਗਲਾਦੇਸ਼ ਨੂੰ ਅਫਗਾਨਿਸਤਾਨ ਹੱਥੋਂ 92 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। 

ਅਫਗਾਨਿਸਤਾਨ ਲਈ ਏਐਮ ਗਜ਼ਨਫਰ ਨੇ 6.3 ਓਵਰਾਂ ਵਿੱਚ 26 ਦੌੜਾਂ ਦੇ ਕੇ ਛੇ ਵਿਕਟਾਂ ਲਈਆਂ। ਰਾਸ਼ਿਦ ਖਾਨ ਨੇ ਦੋ ਵਿਕਟਾਂ ਹਾਸਲ ਕੀਤੀਆਂ। ਮੁਹੰਮਦ ਨਬੀ ਅਤੇ ਏ ਓਮਰਜ਼ਈ ਨੇ ਇਕ-ਇਕ ਬੱਲੇਬਾਜ਼ ਨੂੰ ਆਊਟ ਕੀਤਾ। ਇਸ ਤੋਂ ਪਹਿਲਾਂ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਉਤਰੀ ਅਫਗਾਨਿਸਤਾਨ ਨੇ ਮੁਹੰਮਦ ਨਬੀ (84), ਹਸ਼ਮਤੁੱਲਾਹ ਸ਼ਾਹਿਦੀ (52) ਦੇ ਸ਼ਾਨਦਾਰ ਅਰਧ ਸੈਂਕੜੇ ਦੇ ਦਮ 'ਤੇ 49.4 ਓਵਰਾਂ 'ਚ 235 ਦੌੜਾਂ ਬਣਾਈਆਂ ਸਨ। ਸਦੀਕੁੱਲਾ ਅਟਲ (22), ਗੁਲਬਦੀਨ ਨਾਇਬ (22), ਰਾਸ਼ਿਦ ਖਾਨ (10) ਦੌੜਾਂ ਬਣਾ ਕੇ ਆਊਟ ਹੋ ਗਏ। ਨਗੇਲੀਆ ਖਰੋਟੇ ਨੇ (ਨਾਬਾਦ 27) ਦੀ ਪਾਰੀ ਖੇਡੀ। ਅਫਗਾਨਿਸਤਾਨ ਦੇ ਪੰਜ ਬੱਲੇਬਾਜ਼ ਦੋਹਰੇ ਅੰਕੜੇ ਤੱਕ ਵੀ ਨਹੀਂ ਪਹੁੰਚ ਸਕੇ। ਬੰਗਲਾਦੇਸ਼ ਲਈ ਤਸਕੀਨ ਅਹਿਮਦ ਅਤੇ ਮੁਸਤਫਿਜ਼ੁਰ ਰਹਿਮਾਨ ਨੇ ਚਾਰ-ਚਾਰ ਵਿਕਟਾਂ ਲਈਆਂ। ਸ਼ਰੀਫੁਲ ਇਸਲਾਮ ਨੇ ਇਕ ਬੱਲੇਬਾਜ਼ ਨੂੰ ਆਊਟ ਕੀਤਾ।


author

Tarsem Singh

Content Editor

Related News