ਓਲੰਪਿਕ ’ਚ ਮੈਡਲ ਤੋਂ ਖੁੰਝਣ ’ਤੇ ਬੋਲੀ ਅਦਿਤੀ ਅਸ਼ੋਕ, ਚੌਥੇ ਸਥਾਨ ’ਤੇ ਰਹਿ ਕੇ ਖ਼ੁਸ਼ ਰਹਿਣਾ ਮੁਸ਼ਕਲ
Saturday, Aug 07, 2021 - 12:47 PM (IST)
ਟੋਕੀਓ– ਕਿਸੇ ਹੋਰ ਟੂਰਨਾਮੈਂਟ ’ਚ ਚੌਥੇ ਸਥਾਨ ’ਤੇ ਰਹਿ ਕੇ ਅਦਿਤੀ ਅਸ਼ੋਕ ਨੂੰ ਦੁਖ ਨਹੀਂ ਹੁੰਦਾ ਪਰ ਇਹ ਓਲੰਪਿਕ ਸੀ ਤੇ ਭਾਰਤ ਵੱਲੋਂ ਸਰਵਸ੍ਰੇਸ਼ਠ ਪ੍ਰਦਰਸ਼ਨ ਕਰਨ ਵਾਲੀ ਇਸ ਗੋਲਫਰ ਨੇ ਕਿਹਾ ਕਿ ਇੱਥੇ ਚੌਥੇ ਸਥਾਨ ’ਤੇ ਰਹਿ ਕੇ ਖ਼ੁਸ਼ ਹੋਣਾ ਸੰਭਵ ਨਹੀਂ ਹੈ। ਕਲ ਰਾਤ ਦੂਜੇ ਸਥਾਨ ’ਤੇ ਕਾਬਜ਼ ਅਦਿਤੀ ਚੌਥੇ ਤੇ ਆਖ਼ਰੀ ਦੌਰ ਦੇ ਬਾਅਦ ਤਿੰਨ ਅੰਡਰ 68 ਤੇ ਕੁਲ 15 ਅੰਡਰ 269 ਦੇ ਸਕੋਰ ਦੇ ਨਾਲ ਚੌਥੇ ਸਥਾਨ ’ਤੇ ਖ਼ਿਸਕ ਗਈ।
ਉਨ੍ਹਾਂ ਕਿਹਾ, ‘‘ਕਿਸੇ ਹੋਰ ਟੂਰਨਾਮੈਂਟ ’ਚ ਮੈਨੂੰ ਖ਼ੁਸ਼ੀ ਹੁੰਦੀ ਪਰ ਓਲੰਪਿਕ ’ਚ ਚੌਥੇ ਸਥਾਨ ’ਤੇ ਰਹਿ ਕੇ ਖ਼ੁਸ਼ ਹੋਣਾ ਮੁਸ਼ਕਲ ਹੈ। ਮੈਂ ਚੰਗਾ ਖੇਡਿਆ ਤੇ ਆਪਣਾ ਸੌ ਫ਼ੀਸਦੀ ਦਿੱਤਾ।’’ ਆਖ਼ਰੀ ਦੌਰ ’ਚ ਪੰਜ ਬਰਡੀ ਤੇ ਦੋ ਬੋਗੀ ਕਰਨ ਵਾਲੀ ਅਦਿਤੀ ਨੇ ਕਿਹਾ, ‘‘ਮੈਨੂੰ ਲਗਦਾ ਹੈ ਕਿ ਆਖ਼ਰੀ ਦੌਰ ’ਚ ਮੈਂ ਇਸ ਤੋਂ ਬਿਹਤਰ ਪ੍ਰਦਰਸ਼ਨ ਕਰ ਸਕਦੀ ਸੀ।’’ ਉਨ੍ਹਾਂ ਉਮੀਦ ਜਤਾਈ ਕਿ ਉਨ੍ਹਾਂ ਦੇ ਪ੍ਰਦਰਸ਼ਨ ਨਾਲ ਲੋਕਾਂ ਦੀ ਇਸ ਖੇਡ ’ਚ ਦਿਲਚਸਪੀ ਵਧੇਗੀ ਜਿਸ ਨੂੰ ਅਜੇ ਤਕ ਰਈਸ ਵਰਗ ਦਾ ਖੇਡ ਮੰਨਿਆ ਜਾ ਰਿਹਾ ਹੈ।
ਉਨ੍ਹਾਂ ਕਿਹਾ, ‘‘ਕਾਸ਼ ਮੈਂ ਤਮਗ਼ਾ ਜਿੱਤ ਸਕਦੀ ਪਰ ਮੈਨੂੰ ਉਮੀਦ ਹੈ ਕਿ ਅਜੇ ਵੀ ਸਭ ਖ਼ੁਸ਼ ਹੋਣਗੇ। ਮੈਂ ਆਖ਼ਰੀ ਦੌਰ ਤੋਂ ਪਹਿਲਾਂ ਇਸ ਬਾਰੇ ਜ਼ਿਆਦਾ ਨਹੀਂ ਸੋਚਿਆ ਕਿ ਲੋਕ ਮੈਨੂੰ ਟੀਵੀ ’ਤੇ ਦੇਖ ਰਹੇ ਹਨ।’’ ਅਦਿਤੀ ਨੇ ਕਿਹਾ, ‘‘ਕੁਝ ਹੋਰ ਚੰਗੇ ਪ੍ਰਦਰਸ਼ਨ ਨਾਲ ਲੋਕਾਂ ਦੀ ਇਸ ਖੇਡ ’ਚ ਰੂਚੀ ਵਧੇਗੀ। ਜ਼ਿਆਦਾ ਬੱਚੇ ਗੋਲਫ ਖੇਡਣਗੇ।’’ ਉਨ੍ਹਾਂ ਕਿਹਾ, ‘‘ਜਦੋਂ ਮੈਂ ਗੋਲਫ ਖੇਡਣਾ ਸ਼ੁਰੂ ਕੀਤਾ ਤਾਂ ਕਦੀ ਸੋਚਿਆ ਨਹੀਂ ਸੀ ਕਿ ਓਲੰਪਿਕ ਖੇਡਾਂਗੀ। ਗੋਲਫ਼ ਉਸ ਸਮੇਂ ਓਲੰਪਿਕ ਦਾ ਹਿੱਸਾ ਸੀ। ਸਖ਼ਤ ਮਿਹਨਤ ਤੇ ਆਪਣੇ ਖੇਡ ਦਾ ਪੂਰਾ ਮਜ਼ਾ ਲੈ ਕੇ ਤੁਸੀਂ ਇੱਥੇ ਪਹੁੰਚ ਸਕਦੇ ਹੋ।’’