ਸਮਿਥ ਅਤੇ ਵਾਰਨਰ ਦਾ ਵਾਪਸੀ ''ਤੇ ਖੁੱਲ੍ਹੇ ਦਿਲ ਨਾਲ ਹੋਵੇਗਾ ਸਵਾਗਤ : ਫਿੰਚ
Friday, Dec 28, 2018 - 01:39 PM (IST)

ਮੈਲਬੋਰਨ— ਆਸਟਰੇਲੀਆ ਦੀ ਸੀਮਿਤ ਓਵਰਾਂ ਦੀ ਟੀਮ ਦੇ ਕਪਤਾਨ ਆਰੋਨ ਫਿੰਚ ਨੇ ਕਿਹਾ ਹੈ ਕਿ ਪਾਬੰਦੀਸ਼ੁਦਾ ਸਟੀਵ ਸਮਿਥ ਅਤੇ ਡੇਵਿਡ ਵਾਰਨਰ ਦਾ ਵਾਪਸੀ 'ਤੇ ਖੁੱਲ੍ਹੇ ਦਿਲ ਨਾਲ ਸਵਾਗਤ ਹੋਵੇਗਾ। ਸਮਿਥ ਅਤੇ ਕੈਮਰਨ ਬੇਨਕ੍ਰਾਫਟ ਨੇ ਹਾਲ ਹੀ 'ਚ ਗੇਂਦ ਨਾਲ ਛੇੜਛਾੜ ਦੇ ਮਾਮਲੇ 'ਚ ਖੁੱਲ੍ਹ ਕੇ ਗੱਲ ਕੀਤੀ। ਇਨ੍ਹਾਂ ਦੋਹਾਂ ਨੇ ਕਿਹਾ ਕਿ ਕੇਪਟਾਊਨ 'ਚ ਇਸ ਘਟਨਾ ਦੇ ਪਿੱਛੇ ਵਾਰਨਰ ਦਾ ਹੱਥ ਸੀ।
ਫਿੰਚ ਨੇ ਪੱਤਰਕਾਰਾਂ ਨੂੰ ਕਿਹਾ,''ਜਦੋਂ ਡੇਵੀ ਅਤੇ ਸਮਿਥ ਆਸਟਰੇਲੀਆ ਅਤੇ ਆਪਣੇ ਸੂਬਿਆਂ ਵੱਲੋਂ ਖੇਡਣ ਦੇ ਹੱਕਦਾਰ ਬਣ ਜਾਣਗੇ ਤਾਂ ਮੈਨੂੰ ਲਗਦਾ ਹੈ ਕਿ ਉਨ੍ਹਾਂ ਦਾ ਖੁੱਲ੍ਹੇ ਦਿਲ ਨਾਲ ਸਵਾਗਤ ਹੋਵੇਗਾ।'' ਫਿੰਚ ਨੇ ਕਿਹਾ ਕਿ ਵਾਰਨਰ ਅਤੇ ਸਮਿਥ ਨੂੰ ਤਿੰਨ ਮਹੀਨੇ ਬਾਅਦ ਰਾਸ਼ਟਰੀ ਟੀਮ 'ਚ ਵਾਪਸੀ ਕਰਨ ਲਈ ਖ਼ੁਦ ਨੂੰ ਸਾਬਤ ਕਰਨਾ ਹੋਵੇਗਾ। ਉਨ੍ਹਾਂ ਕਿਹਾ,''ਜੋ ਕੁਝ ਹੋਇਆ ਉਹ ਬੀਤੀ ਗੱਲ ਹੈ। ਉਹ ਕੌਮਾਂਤਰੀ ਕ੍ਰਿਕਟ 'ਚ ਵਾਪਸੀ ਲਈ ਸਾਰੇ ਮਿਆਰਾਂ ਨੂੰ ਪੂਰਾ ਕਰਨ ਲਈ ਅਸਲ 'ਚ ਸਖਤ ਮਿਹਨਤ ਕਰ ਰਹੇ ਹਨ।''