ਪੀਸੀਬੀ ਨੇ ਚੈਂਪੀਅਨਜ਼ ਟਰਾਫੀ ਤਕ ਇਸ ਸਾਬਕਾ ਪਾਕਿ ਗੇਂਦਬਾਜ਼ ਨੂੰ ਬਣਾਇਆ ਅੰਤਰਿਮ ਮੁੱਖ ਕੋਚ
Monday, Nov 18, 2024 - 06:32 PM (IST)
ਲਾਹੌਰ- ਸਾਬਕਾ ਤੇਜ਼ ਗੇਂਦਬਾਜ਼ ਆਕਿਬ ਜਾਵੇਦ ਚੈਂਪੀਅਨਜ਼ ਟਰਾਫੀ ਤਕ ਸੀਮਤ ਓਵਰਾਂ ਦੀ ਕ੍ਰਿਕਟ ਵਿਚ ਪਾਕਿਸਤਾਨ ਦੇ ਅੰਤਰਿਮ ਮੁੱਖ ਕੋਚ ਬਣੇ ਰਹਿਣਗੇ ਅਤੇ ਰਾਸ਼ਟਰੀ ਕ੍ਰਿਕਟ ਚੋਣ ਪੈਨਲ ਵਿਚ ਵੀ ਆਪਣੀ ਭੂਮਿਕਾ ਜਾਰੀ ਰੱਖਣਗੇ। ਪਾਕਿਸਤਾਨ ਕ੍ਰਿਕਟ ਬੋਰਡ (ਪੀਸੀਬੀ) ਨੇ ਸੋਮਵਾਰ ਨੂੰ ਇੱਥੇ ਇਸ ਦੀ ਪੁਸ਼ਟੀ ਕੀਤੀ।
ਬੋਰਡ ਨੇ ਕਿਹਾ ਕਿ ਜਾਵੇਦ ਟੀਮ ਦੇ ਮੁੱਖ ਕੋਚ ਦੀ ਜ਼ਿੰਮੇਵਾਰੀ ਸੰਭਾਲਣਗੇ ਪਰ ਪੀਸੀਬੀ ਇਸ ਦੌਰਾਨ ਕਿਸੇ ਹੋਰ ਉਮੀਦਵਾਰ ਦੀ ਭਾਲ ਜਾਰੀ ਰੱਖੇਗਾ। ਇੱਕ ਅਧਿਕਾਰੀ ਨੇ ਕਿਹਾ, "ਪੀਸੀਬੀ ਦਾ ਟੀਚਾ 19 ਫਰਵਰੀ ਤੋਂ 9 ਮਾਰਚ ਤੱਕ ਹੋਣ ਵਾਲੀ ਆਈਸੀਸੀ ਚੈਂਪੀਅਨਜ਼ ਟਰਾਫੀ ਦੇ ਅੰਤ ਤੱਕ ਨਵੇਂ ਕੋਚ ਦੀ ਨਿਯੁਕਤੀ ਦੀ ਪ੍ਰਕਿਰਿਆ ਨੂੰ ਪੂਰਾ ਕਰਨਾ ਹੈ," ਜਾਵੇਦ ਕੋਲ ਪਾਕਿਸਤਾਨ ਸੁਪਰ ਲੀਗ ਵਿੱਚ ਲਾਹੌਰ ਕਲੰਦਰਜ਼ ਦਾ ਕੋਚ ਦਾ ਤਜ਼ਰਬਾ ਹੈ ਤੇ ਉਹ ਹਾਲ ਹੀ ਵਿੱਚ ਸ਼੍ਰੀਲੰਕਾ ਦੇ ਤੇਜ਼ ਗੇਂਦਬਾਜ਼ੀ ਕੋਚ ਵੀ ਰਹੇ ਹਨ।
ਜਾਵੇਦ ਨੂੰ ਇਹ ਜ਼ਿੰਮੇਵਾਰੀ ਪਾਕਿਸਤਾਨ ਦੇ ਸੀਮਤ ਓਵਰਾਂ ਦੇ ਫਾਰਮੈਟ ਦੇ ਮੁੱਖ ਕੋਚ ਗੈਰੀ ਕਰਸਟਨ ਦੇ ਅਸਤੀਫੇ ਤੋਂ ਬਾਅਦ ਦਿੱਤੀ ਗਈ ਹੈ। ਕਰਸਟਨ ਦੇ ਜਾਣ ਤੋਂ ਬਾਅਦ, ਟੈਸਟ ਕੋਚ ਜੇਸਨ ਗਿਲੇਸਪੀ ਨੇ ਆਸਟਰੇਲੀਆ ਦੌਰੇ 'ਤੇ ਪਾਕਿਸਤਾਨ ਦੇ ਅੰਤਰਿਮ ਕੋਚ ਦੀ ਭੂਮਿਕਾ ਸੰਭਾਲ ਲਈ ਹੈ। ਪੀਸੀਬੀ ਨੇ ਇਸ ਸਾਬਕਾ ਆਸਟਰੇਲੀਆਈ ਗੇਂਦਬਾਜ਼ ਨੂੰ ਵਨਡੇ ਅਤੇ ਟੀ-20 ਫਾਰਮੈਟਾਂ ਦਾ ਮੁੱਖ ਕੋਚ ਬਣਾਉਣ ਦਾ ਪ੍ਰਸਤਾਵ ਵੀ ਰੱਖਿਆ ਸੀ ਪਰ ਉਸ ਨੇ ਇਸ ਨੂੰ ਠੁਕਰਾ ਦਿੱਤਾ। ਪਾਕਿਸਤਾਨ 24 ਨਵੰਬਰ ਤੋਂ 5 ਦਸੰਬਰ ਦਰਮਿਆਨ ਤਿੰਨ ਵਨਡੇ ਅਤੇ ਟੀ-20 ਮੈਚਾਂ ਲਈ ਜ਼ਿੰਬਾਬਵੇ ਦਾ ਦੌਰਾ ਕਰੇਗਾ। ਇਸ ਤੋਂ ਬਾਅਦ ਟੀਮ ਦੱਖਣੀ ਅਫਰੀਕਾ ਦੇ ਦੌਰੇ 'ਤੇ ਜਾਵੇਗੀ ਜਿੱਥੇ ਉਸ ਨੂੰ ਤਿੰਨ ਵਨਡੇ, ਤਿੰਨ ਟੀ-20 ਅੰਤਰਰਾਸ਼ਟਰੀ ਅਤੇ ਦੋ ਟੈਸਟ ਮੈਚ ਖੇਡਣੇ ਹਨ।