ਚੁਣੌਤੀਆਂ ਦਾ ਡਟ ਕੇ ਸਾਹਮਣਾ ਕਰਨ ਤੇ ਮਾਨਸਿਕ ਦ੍ਰਿੜ੍ਹਤਾ ਵਾਲਾ ਖਿਡਾਰੀ ਜਿੱਤੇਗਾ ਤਮਗਾ : ਮਨੋਵਿਗਿਆਨਿਕ
Thursday, Jul 25, 2024 - 04:56 PM (IST)
ਮੁੰਬਈ, (ਭਾਸ਼ਾ)– ਪੈਰਿਸ ਓਲੰਪਿਕ ਵਿਚ ਮਨੁੱਖੀ ਕਲਾ ਦਾ ਸ਼ਾਨਦਾਰ ਨਮੂਨਾ ਦੇਖਣ ਨੂੰ ਮਿਲੇਗਾ ਪਰ ਖੇਡ ਮਨੋਵਿਗਿਆਨਿਕਾਂ ਦਾ ਮੰਨਣਾ ਹੈ ਕਿ ਭਾਰਤ ਦੇ 117 ਖਿਡਾਰੀਆਂ ਸਮੇਤ ਇਸ ਖੇਡ ਮਹਾਕੁੰਭ ਵਿਚ ਹਿੱਸਾ ਲੈ ਰਹੇ 10,500 ਖਿਡਾਰੀਆਂ ਵਿਚੋਂ ਸਖਤ ਚੁਣੌਤੀਆਂ ਦਾ ਡਟ ਕੇ ਸਾਹਮਣਾ ਕਰਨ ਤੇ ਮਾਨਸਿਕ ਦ੍ਰਿੜ੍ਹਤਾ ਵਾਲਾ ਖਿਡਾਰੀ ਹੀ ਤਮਗਾ ਜਿੱਤਣ ਵਿਚ ਸਫਲ ਰਹੇਗਾ। ਖਿਡਾਰੀਆਂ ਨੂੰ ਹਾਲਾਂਕਿ ਸਫਲਤਾ ਤੇ ਅਸਫਲਤਾ ਨਾਲ ਨਜਿੱਠਣਾ ਸਿਖਾਇਆ ਜਾਂਦਾ ਹੈ ਪਰ ਓਲੰਪਿਕ ਵਰਗੀਆਂ ਪ੍ਰਤੀਯੋਗਤਾਵਾਂ ਵਿਚ ਦਬਾਅ ਕਾਫੀ ਹੁੰਦਾ ਹੈ।
ਫੋਰਟਿਸ ਹੈਲਥਕੇਅਰ ਦੀ ਖੇਡ ਮਨੋਵਿਗਿਆਨਿਕ ਡਾ. ਦਿਵਿਆ ਜੈਨ ਨੇ ਕਿਹਾ,‘‘ਖੇਡਾਂ ਤੋਂ ਪਹਿਲਾਂ ਹੀ ਬਹੁਤ ਜ਼ਿਆਦਾ ਦਬਾਅ ਹੁੰਦਾ ਹੈ ਤੇ ਜਦੋਂ ਤੁਸੀਂ ਓਲੰਪਿਕ ਵਿਚ ਹਿੱਸਾ ਲੈਂਦੇ ਹੋ ਤਾਂ ਤੁਹਾਨੂੰ ਬਹੁਤ ਸਾਰੇ ਉਤਾਰ-ਚੜਾਅ ਵਿਚੋਂ ਲੰਘਣਾ ਪੈਂਦਾ ਹੈ।’’ ਉਸ ਨੇ ਕਿਹਾ,‘‘ਖੇਡਾਂ ਵਿਚ ਤੁਹਾਨੂੰ ਹਰ ਦਿਨ ਜਿੱਤ ਤੇ ਹਾਰ ਦਾ ਸਾਹਮਣਾ ਕਰਨਾ ਪੈਂਦਾ ਹੈ, ਇਸ ਲਈ ਇਹ ਹਮੇਸ਼ਾ ਜਿੱਤ ਹਾਸਲ ਕਰਨ ਨਾਲ ਨਹੀਂ ਜੁੜਿਆ ਹੈ। ਇਹ ਇਸ ਨਾਲ ਜੁੜਿਆ ਹੈ ਕਿ ਤੁਸੀਂ ਕਿੰਨੀ ਜਲਦੀ ਵਾਪਸ ਕਰਦੇ ਹੋ।’’
ਜੈਨ ਨੇ ਕਿਹਾ,‘‘ਖਿਡਾਰੀਆਂ ’ਤੇ ਉਮੀਦਾਂ ਦਾ ਦਬਾਅ ਹੁੰਦਾ ਹੈ। ਉਨ੍ਹਾਂ ਨੂੰ ਆਪਣੇ ਪਰਿਵਾਰ ਤੋਂ ਦੂਰ ਰਹਿਣਾ ਪੈਂਦਾ ਹੈ ਤੇ ਉਹ ਖੇਡਾਂ ਨੂੰ ਲੈ ਕੇ ਚੱਲ ਰਹੀਆਂ ਚਰਚਾਵਾਂ ਦੇ ਕੇਂਦਰ ਵਿਚ ਹੁੰਦੇ ਹਨ। ਇਕ ਖਿਡਾਰੀ ਨੂੰ ਇਨ੍ਹਾਂ ਸਾਰੇ ਪਹਿਲੂਆਂ ਨਾਲ ਮਨੋਵਿਗਿਆਨਿਕ ਪੱਧਰ ’ਤੇ ਨਜਿੱਠਣਾ ਪੈਂਦਾ ਹੈ।’’ਖਿਡਾਰੀ ਅਗਲੇ ਕੁਝ ਹਫਤੇ ’ਚ ਆਪਣੀ ਫਾਰਮ ਦੇ ਚੋਟੀ ’ਤੇ ਰਹਿਣ ਦੀ ਕੋਸ਼ਿਸ਼ ਕਰਨਗੇ ਤੇ ਇਸਦੇ ਲਈ ਉਨ੍ਹਾਂ ਨੂੰ ਸਰੀਰਕ ਤੇ ਮਾਨਸਿਕ ਤੌਰ ’ਤੇ ਤਿਆਰ ਕੀਤਾ ਜਾਂਦਾ ਹੈ ਪਰ ਤਮਗਾ ਉਹ ਹੀ ਖਿਡਾਰੀ ਜਿੱਤੇਗਾ ਜਿਹੜਾ ਬਾਕੀ ਲੋਕਾਂ ਦੀ ਤੁਲਨਾ ਵਿਚ ਥੋੜ੍ਹਾ ਜ਼ਿਆਦਾ ਦ੍ਰਿੜ੍ਹ ਤੇ ਆਪਣੇ ਟੀਚੇ ਨੂੰ ਲੈ ਕੇ ਕੇਂਦ੍ਰਿਤ ਹੋਵੇਗਾ।